|
ਬੱਚੀ ਦੇ ਅਗਵਾ ਲਈ ਜਿੰਮੇਵਾਰ ਅਪਰਾਧੀਆਂ ਨੂੰ ਕਾਬੂ ਕਰੇ ਪੁਲੀਸ
ਸਥਾਨਕ ਫੇਜ਼ 10 ਦੇ ਇੱਕ ਵਸਨੀਕ ਦੀ 5 ਸਾਲਾ ਬੱਚੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕੀਤੇ ਜਾਣ ਦੀ ਵਾਰਦਾਤ ਕਾਰਣ ਸ਼ਹਿਰਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਮੁਹਾਲੀ ਪੁਲੀਸ ਵਲੋਂ ਪੂਰੀ ਮੁਸਤੈਦੀ ਨਾਲ ਕੰਮ ਕਰਦਿਆਂ ਘਟਨਾ ਤੋਂ 24 ਘੰਟਿਆਂ ਦੇ ਵਿੱਚ ਵਿੱਚ ਇਸ ਬੱਚੀ ਨੂੰ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਿਲ ਕਰਕੇ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਪਰੰਤੂ ਇਸ ਬੱਚੀ ਦੇ ਅਗਵਾਕਾਰ ਹਾਲੇ ਵੀ ਪੁਲੀਸ ਦੀ ਗ੍ਰਿਫਤ ਤੋਂ ਦੂਰ ਹਨ ਜਿਸ ਕਾਰਣ ਇਹ ਖਦਸਾ ਬਰਕਰਾਰ ਹੈ ਕਿ ਇਹ ਅਗਵਾਕਾਰ ਦੁਬਾਰਾ ਅਜਿਹੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਫਿਲਮੀ ਅੰਦਾਜ ਵਿੱਚ ਅੰਜਾਮ ਦਿੱਤੀ ਗਈ 5 ਸਾਲ ਦੀ ਬੱਚੀ ਦੇ ਅਗਵਾ ਦੀ ਇਸ ਵਾਰਦਾਤ ਤੋਂ ਬਾਅਦ ਪੁਲੀਸ ਅਚਾਨਕ ਇਸ ਬੱਚੀ ਨੂੰ ਬਰਾਮਦ ਕਰਨ ਵਿੱਚ ਭਾਵੇਂ ਕਾਮਯਾਬ ਹੋ ਗਈ ਹੈ ਪਰੰਤੂ ਇਹ ਸਾਰਾ ਘਟਨਾਚੱਕਰ ਕਿਵੇਂ ਵਾਪਰਿਆ ਹੈ ਅਤੇ ਬੱਚੀ ਦੇ ਅਗਵਾਕਾਰ ਬੱਚੀ ਨੂੰ ਅਚਾਨਕ ਛੱਡ ਕੇ ਕਿਉਂ ਗਾਇਬ ਹੋ ਗਏ ਇਸ ਸੰਬੰਧੀ ਰਹੱਸ ਪੂਰੀ ਤਰ੍ਹਾਂ ਬਰਕਰਾਰ ਹੈ। ਹੁਣ ਤਕ ਇਹ ਗੱਲ ਵੀ ਰਹੱਸ ਹੀ ਬਣੀ ਹੋਈ ਹੈ ਕਿ ਇਸ ਬੱਚੀ ਨੂੰ ਅਗਵਾ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਕਿੰਨੀ ਸੀ ਅਤੇ ਉਹਨਾਂ ਵਲੋਂ ਅਗਵਾ ਕਰਨ ਤੋਂ ਬਾਅਦ ਇਸ ਬੱਚੀ ਨੂੰ ਰਾਤ ਨੂੰ ਕਿੱਥੇ ਰੱਖਿਆ ਗਿਆ ਸੀ। ਦੱਸਿਆ ਇਹ ਜਾ ਰਿਹਾ ਹੈ ਕਿ ਬੱਚੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਵਲੋਂ ਖੁਦ ਹੀ ਬੱਚੀ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੇ ਛੱਡਣ ਸੰਬੰਧੀ ਜਾਣਕਾਰੀ ਬੱਚੀ ਦੇ ਪਰਿਵਾਰ ਤਕ ਪਹੁੰਚਾਈ ਗਈ ਸੀ ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰ ਅਤੇ ਮੁਹਾਲੀ ਪੁਲੀਸ ਵਲੋਂ ਮੌਕੇ ਤੇ ਪਹੁੰਚ ਕੇ ਬੱਚੀ ਨੂੰ ਲੱਭ ਲਿਆ ਗਿਆ। ਅਗਵਾ ਦੇ ਅਜਿਹੇ ਮਾਮਲਿਆਂ ਵਿੱਚ ਅਕਸਰ ਫਿਰੌਤੀ ਲੈ ਕੇ ਹੀ ਅਗਵਾਕਾਰਾਂ ਵਲੋਂ ਅਗਵਾ ਕੀਤੇ ਗਏ ਵਿਅਕਤੀ ਨੂੰ ਛੱਡਿਆ ਜਾਂਦਾ ਹੈ ਪਰੰਤੂ ਇਸ ਬੱਚੀ ਦੇ ਅਗਵਾ ਦੇ ਮਾਮਲੇ ਵਿੱਚ ਬੱਚੀ ਦੇ ਪਰਿਵਾਰ ਅਤੇ ਸਥਾਨਕ ਪੁਲੀਸ ਵਲੋਂ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਜਿਸ ਤਰੀਕੇ ਨਾਲ ਇਅ ਪੂਰਾ ਘਟਨਾਚੱਕਰ ਵਾਪਰਿਆ ਹੈ ਅਤੇ ਬੱਚੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਬੱਚੀ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰਨ ਦੇ ਬਾਵਜੂਦ ਪੁਲੀਸ ਦੀ ਪਕੜ ਵਿੱਚ ਆਉਣ ਤੋਂ ਬਚੇ ਹੋਏ ਹਨ ਉਸ ਨਾਲ ਇਹ ਪੂਰੀ ਕਹਾਣੀ ਕੁੱਝ ਸ਼ੱਕੀ ਲਗਣ ਲੱਗ ਪਈ ਹੈ ਪਰੰਤੂ ਇਸ ਮਾਮਲੇ ਵਿੱਚ ਰਾਹਤ ਦੇਣ ਵਾਲੀ ਗੱਲ ਇਹ ਹੈ ਕਿ ਅਗਵਾ ਹੋਈ ਬੱਚੀ ਸਹੀ ਸਲਾਮਤ ਆਪਣੇ ਪਰਿਵਾਰ ਕੋਲ ਪਹੁੰਚ ਚੁੱਕੀ ਹੈ। ਮੁਹਾਲੀ ਪੁਲੀਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਦੀਆਂ ਕੜੀਆਂ ਜੋੜ ਕੇ ਇਸ ਬੱਚੀ ਦੇ ਅਗਵਾ ਲਈ ਜਿੰਮੇਵਾਰ ਅਪਰਾਧੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਕਾਬੂ ਕਰੇ ਅਤੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਜਨਤਾ ਨੂੰ ਦਿੱਤੀ ਜਾਵੇ। ਸ਼ਹਿਰ ਦੇ ਵਿਅਸਤ ਰਿਹਾਇਸ਼ੀ ਖੇਤਰ ਵਿੱਚੋਂ ਇਸ ਬੱਚੀ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਅਪਰਾਧੀਆਂ ਵਲੋਂ ਪੂਰੀ ਤਰ੍ਹਾਂ ਸੋਚ ਵਿਚਾਰ ਕਰਕੇ ਅਤੇ ਯੋਜਨਾਬੱਧ ਢੰਗ ਨਾਲ ਅੰਜਾਮ ਦਿੱਤਾ ਗਿਆ ਸੀ ਅਤੇ ਜਦੋਂ ਤਕ ਇਹ ਸ਼ਾਤਿਰ ਅਪਰਾਧੀ ਕਾਨੂੰਨ ਦੀ ਪਕੜ ਤੋਂ ਦੂਰ ਰਹਿਣਗੇ ਉਦੋਂ ਤਕ ਸ਼ਹਿਰ ਵਿੱਚ ਅਜਿਹੀ ਕਿਸੇ ਵੀ ਵਾਰਦਾਤ ਦੇ ਮੁੜ ਵਾਪਰਨ ਦਾ ਖਦਸਾ ਬਣਿਆ ਰਹਿਣਾ ਹੈ। ਇਹਨਾਂ ਅਪਰਾਧੀਆਂ ਦੇ ਕੰਮ ਕਰਨ ਦਾ ਤਰੀਕਾ ਹੀ ਇਹ ਦੱਸਦਾ ਹੈ ਕਿ ਉਹਨਾਂ ਨੂੰ ਸ਼ਹਿਰ ਦੀ ਪੂਰੀ ਜਾਣਕਾਰੀ ਹੈ ਅਤੇ ਉਹ ਸ਼ਹਿਰ ਵਿੱਚ ਕਦੇ ਵੀ ਕਿਤੇ ਵੀ ਅਜਿਹੀ ਕੋਈ ਵਾਰਦਾਤ ਕਰਨ ਦੇ ਸਮਰਥ ਹਨ। ਅਗਵਾ ਦੇ ਇਸ ਮਾਮਲੇ ਵਿੱਚ ਬੱਚੀ ਨੂੰ ਸੁਰਖਿਅਤ ਛੱਡਣ ਬਦਲੇ ਬੱਚੀ ਦੇ ਪਰਿਵਾਰ ਵਲੋਂ ਅਗਵਾਕਾਰਾਂ ਨੂੰ ਕੋਈ ਅਦਾਇਗੀ ਕੀਤੀ ਗਈ ਜਾਂ ਨਹੀਂ ਇਹ ਭੇਦ ਤਾਂ ਸ਼ਾਇਦ ਹੀ ਖੁੱਲੇਗਾ ਪਰੰਤੂ ਜਦੋਂ ਤਕ ਪੁਲੀਸ ਇਸ ਅਗਵਾ ਲਈ ਜਿੰਮੇਵਾਰ ਵਿਅਕਤੀਆਂ ਨੂੰ ਕਾਬੂ ਨਹੀਂ ਕਰ ਲਵੇਗੀ, ਲੋਕਾਂ ਦੇ ਦਿਲਾਂ ਵਿੱਚ ਇਸ ਸੰਬੰਧੀ ਪੈਦਾ ਹੋਇਆ ਡਰ ਖਤਮ ਨਹੀਂ ਕੀਤਾ ਜਾ ਸਕਦਾ। ਪੁਲੀਸ ਵਲੋਂ ਇਹ ਦਾਅਵਾ ਤਾਂ ਕੀਤਾ ਜਾ ਰਿਹਾ ਹੈ ਕਿ ਉਸਨੂੰ ਅਗਵਾਕਾਰਾਂ ਬਾਰੇ ਕੁੱਝ ਅਹਿਮ ਸੁਰਾਗ ਹਾਸਿਲ ਹੋਏ ਹਨ ਪਰੰਤੂ ਜਦੋਂ ਤਕ ਪੁਲੀਸ ਇਹਨਾਂ ਅਗਵਾਕਾਰਾਂ ਨੂੰ ਕਾਬੂ ਨਹੀਂ ਕਰ ਲੈਂਦੀ, ਪੁਲੀਸ ਦੇ ਇਹ ਦਾਅਵੇ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੰਦੇ। ਲੋਕਾਂ ਦਾ ਪੁਲੀਸ ਫੋਰਸ ਵਿੱਚ ਭਰੋਸਾ ਕਾਇਮ ਰਹੇ ਇਸ ਲਈ ਇਹਨਾਂ ਅਗਵਾਕਾਰਾਂ ਨੂੰ ਕਾਬੂ ਕੀਤਾ ਜਾਣਾ ਬਹੁਤ ਜਰੂਰੀ ਹੈ। ਵੇਖਣਾ ਇਹ ਹੈ ਕਿ ਪੁਲੀਸ ਇਸ ਬੱਚੀ ਦੇ ਅਗਵਾ ਮਾਮਲੇ ਲਈ ਜਿੰਮੇਵਾਰ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਕਦੋਂ ਕਾਮਯਾਬ ਹੁੰਦੀ ਹੈ।
|
|