ਦੇਸ਼ ਵਾਸੀਆਂ ਨੂੰ ਪੌਸ਼ਟਿਕ ਭੋਜਨ ਮੁਹਈਆ ਕਰਵਾਉਣ ਲਈ ਵਿਗਿਆਨਕ ਢੰਗ ਅਪਣਾਉਣਾ ਜਰੂਰੀ

ਹਾਲ ਵਿੱਚ ਸਰਕਾਰ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਫਿਲਹਾਲ ਬੀਟੀ ਬੈਂਗਨ ਦੀ ਇਜਾਜਤ ਨਾ ਦੇਣ ਦਾ ਫੈਸਲਾ ਕੀਤਾ ਹੈ। ਬੀਟੀ ਬੈਂਗਣ ਜੈਨੇਟਿਕ ਇੰਜੀਨੀਅਰਿੰਗ ਦੀ ਮਦਦ ਨਾਲ ਕੀਟ ਪ੍ਰਤੀਰੋਧ ਬਣਾਈ ਗਈ ਕਿਸਮ ਹੈ। ਇਸ ਨੂੰ ਅਪਨਾਉਣ ਨਾਲ ਬੈਂਗਣ ਦੀ ਫਸਲ ਵਿੱਚ ਕਈ ਗੁਣਾਂ ਵਾਧਾ ਸੰਭਵ ਹੈ। ਅਜਿਹੇ ਹੀ ਪ੍ਰਯੋਗ ਦੂਜੇ ਫਲ ਸਬਜੀਆਂ ਵਿੱਚ ਕਰਨ ਨਾਲ ਉਨ੍ਹਾਂ ਦਾ ਉਤਪਾਦਨ ਵੀ ਵੱਧ ਸਕਦਾ ਹੈ, ਪਰ ਇਨ੍ਹਾਂ ਨੂੰ ਲੈ ਕੇ ਹਾਲੇ ਕੁਝ ਇਤਰਾਜ ਬਾਕੀ ਹਨ। ਇੱਕ ਤਬਕੇ ਦਾ ਕਹਿਣਾ ਹੈ ਕਿ ਵਿਗਿਆਨਿਕ ਤਕਨੀਕ ਨਾਲ ਉਪਜਾਈਆਂ ਗਈਆਂ ਅਜਿਹੀਆਂ ਫਸਲਾਂ ਬੇਸਵਾਦ ਹੁੰਦੀਆਂ ਹਨ ਅਤੇ ਹਾਲੇ ਇਨਸਾਨ ਦੀ ਸਿਹਤ ਤੇ ਇਨ੍ਹਾਂ ਦੇ ਅਸਰ ਦਾ ਖੁਲਾਸਾ ਨਹੀਂ ਹੋਇਆ ਹੈ।
ਇਹ ਸੱਚ ਹੈ ਕਿ ਜੋ ਵੀ ਖੁਰਾਕ ਪਦਾਰਥ ਦੇਸੀ ਹਨ ਅਤੇ ਵਿਗਿਆਨ ਤੋਂ ਵਾਂਝੇ ਹਨ, ਉਹ ਸਵਾਦ ਅਤੇ ਸਿਹਤ, ਦੋਵਾਂ ਨਜਰੀਏ ਨਾਲ ਵਧੀਆ ਹੁੰਦਾ ਹੈ, ਥੋੜ੍ਹਾ ਉਸ ਦੇਸੀ ਟਮਾਟਰ ਨੂੰ ਯਾਦ ਕਰੋ, ਜੋ ਪਕ ਜਾਣ ਤੋਂ ਬਾਅਦ ਵੀ ਲਾਲ ਹਰਾ ਰਹਿੰਦਾ ਹੈ। ਸਵਾਦ ਦੇ ਨਜਰੀਏ ਨਾਲ ਟਮਾਟਰ ਦਾ ਗੁਣ ਉਸਦੇ ਖੱਟੇਪਨ ਵਿੱਚ ਹੁੰਦਾ ਹੈ, ਜਿਸ ਵਿੱਚ ਮਿਠਾਸ ਦਾ ਇੱਕ ਲੁਕਿਆ ਹੋਇਆ ਫਲੇਵਰ ਹੁੰਦਾ ਹੈ।
ਪੈਸਾ ਅਤੇ ਸਮਝਦਾਰੀ:- ਆਦਰਸ਼ ਸਥਿਤੀ ਤਾਂ ਇਹੀ ਹੋਵਗੀ ਕਿ ਕਿਸੇ ਵੀ ਭਾਰਤੀ ਨੂੰ ਬੀਟੀ ਬੈਂਗਣ ਕਦੇ ਵੀ ਨਾ ਖਾਣਾ ਪਵੇ। ਆਦਰਸ਼ ਸਥਿਤੀ ਇਹ ਵੀ ਹੋਵੇਗੀ ਕਿ ਸਾਰੇ ਭਾਰਤੀ ਦੇਸੀ ਮਤਲਬ ਆਰਗੈਨਿਕ ਫੂਡ ਖਾਣ। ਭਾਵੇਂ ਇਨਸਾਨ ਹੋਵੇ ਜਾਂ ਜਾਨਵਰ, ਕਿਸੇ ਦੇ ਲਈ ਵੀ ਸਵਾਦ ਅਤੇ ਸਿਹਤ ਤੋਂ ਵੱਡੀ ਕੋਈ ਹੋਰ ਚੀਜ ਨਹੀਂ ਹੋ ਸਕਦੀ। ਇਸ ਲਈ ਜੋ ਸਮਝਦਾਰ ਲੋਕ ਹਨ, ਉਹ ਆਰਗੈਨਿਕ ਫੂਡ ਤੇ ਜੋਰ ਦੇ ਰਹੇ ਹਨ। ਉਨ੍ਹਾਂ ਨੂੰ ਵਧਾਈ। ਪਰ ਆਰਗੇਨਿਕ ਕਣਕ, ਚਾਵਲ ਜਾਂ ਟਮਾਟਰ ਦੋ ਤਿੰਨ ਗੁਣਾਂ ਭਾਅ ਤੇ ਆਉਂਦਾ ਹੈ। ਆਰਗੈਨਿਕ ਫੂਡ ਖਾਣੇ ਵਾਲਾ ਬਣਨ ਲਈ ਸਮਝਦਾਰ ਹੋਣਾ ਹੀ ਕਾਫੀ ਨਹੀਂ ਹੈ, ਬਲਕਿ ਪੈਸੇ ਵਾਲਾ ਹੋਣਾ ਵੀ ਜਰੂਰੀ ਹੈ। ਆਖਿਰ ਇਹ ਕਹਾਵਤ ਐਵੇਂ ਹੀ ਨਹੀਂ ਬਣੀ ਹੋਵੇਗੀ ਕਿ ਪੈਸੇ ਦੇ ਨਾਲ ਸਮਝ ਵੀ ਆ ਜਾਂਦੀ ਹੈ।
ਇੱਕ ਤੱਥ ਇਹ ਹੈ ਕਿ ਸਵਾ ਅਰਬ ਦੀ ਆਬਾਦੀ ਵਾਲੇ ਭਾਰਤ ਵਰਗੇ ਦੇਸ਼ ਵਿੱਚ ਸਾਰੇ ਆਰਗੈਨਿਕ ਫੂਡ ਨਹੀਂ ਖਾ ਸਕਦੇ। ਜੇਕਰ ਹਰੇਕ ਭਾਰਤੀ ਨੂੰ ਸਵਾਦਿਸ਼ਟ ਅਤੇ ਸਿਹਤਮੰਦ ਦੇਸੀ ਖੁਰਾਕ ਪਦਾਰਥ ਉਪਲਬਧ ਕਰਾਉਣੇ ਹਨ ਤਾਂ ਘੱਟੋ ਘੱਟ 50 ਫੀਸਦੀ ਭਾਰਤੀਆਂ ਤੋਂ ਹੀ ਛੁਟਕਾਰਾ ਪਾਉਣਾ ਹੋਵੇਗਾ, ਕਿਉਂਕਿ ਅੱਜ ਦੇ ਹਾਲਾਤ ਵਿੱਚ ਉਨ੍ਹਾਂ ਦਾ ਜੀਵਨ ਪੱਧਰ ਚੁੱਕਣਾ ਤਾਂ ਮੁਮਕਿਨ ਨਹੀਂ ਲੱਗਦਾ।
ਆਰਗੈਨਿਕ ਬਨਾਮ ਸਾਇੰਟੀਫਿਕ:- ਇਸ ਤਰਕ ਦੇ ਹੱਕ ਵਿੱਚ ਇਹ ਅੰਕੜੇ ਦੇਖੇ ਜਾ ਸਕਦੇ ਹਨ: 1960-61 ਵਿੱਚ ਦੇਸ਼ ਵਿੱਚ ਕਣਕ ਦੀ ਸਾਰੀ ਫਸਲ ਲਗਭਗ ਆਰਗੈਨਿਕ ਸੀ। ਉਦੋਂ ਪ੍ਰਤੀ ਹੈਕਟੇਅਰ ਕਣਕ ਦਾ ਉਤਪਾਦਨ 851 ਕਿਲੋਗ੍ਰਾਮ ਸੀ। ਉਸ ਦੌਰ ਵਿੱਚ ਗਰੀਬ ਵਰਗ ਲਈ ਕਣਕ ਦੀ ਰੋਟੀ ਲਗਜਰੀ ਹੁੰਦੀ ਸੀ। 1999-2000 ਵਿੱਚ ਭਾਰਤ ਵਿੱਚ ਪ੍ਰਤੀ ਹੈਕਟੇਅਰ ਕਣਕ ਦਾ ਉਤਪਾਦਨ 2778 ਕਿਲੋਗ੍ਰਾਮ ਤੱਕ ਪਹੁੰਚ ਗਿਆ। ਇਹ 356 ਫੀਸਦੀ ਵਾਧਾ ਸਾਇੰਸ ਦੇ ਕਾਰਣ ਹੋਇਆ। ਇੱਥੋਂ ਤੱਕ ਕਿ ਸਾਲ 1970, ਜਦੋਂ ਹਰੀ ਕ੍ਰਾਂਤੀ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ, ਉਦੋਂ ਵੀ ਭਾਰਤ ਵਿੱਚ ਪ੍ਰਤੀ ਵਿਅਕਤੀ ਕਣਕ ਦੀ ਉਪਲਬਧਤਾ 42 ਗ੍ਰਾਮ ਸੀ, ਜੋ ਸਾਲ 2000 ਵਿੱਚ ਵਧ ਕੇ 168 ਗ੍ਰਾਮ ਹੋ ਗਈ। ਲਗਭਗ ਇਹੀ ਕਹਾਣੀ ਚਾਵਲ ਦੀ ਵੀ ਹੈ, ਜਿੱਥੇ ਵਿਗਿਆਨ ਵਾਲੇ ਚਾਵਲ ਨੇ ਬਹੁਤ ਜ਼ਿਆਦਾ ਗਰੀਬ ਨੂੰ ਵੀ ਚਾਵਲ ਖਾਣ ਦਾ ਮੌਕਾ ਦਿੱਤਾ।
ਕੁਝ ਖੇਤਰੀ ਅਤੇ ਕੁਝ ਜਾਤੀ ਆਦਿਵਾਸੀ ਸਮੂਹਾਂ ਨੂੰ ਛੱਡ ਦੇਈਏ ਤਾਂ ਭਾਰਤ ਵਿੱਚ ਭੁੱਖ ਦਾ ਸਵਾਲ ਇੱਕ ਤਰ੍ਹਾਂ ਨਾਲ ਹੱਲ ਹੋ ਚੁੱਕਾ ਹੈ। ਭਾਰਤ ਦੇ ਸਾਹਮਣੇ ਹੁਣ ਸਭਤੋਂ ਵੱਡਾ ਸਵਾਲ ਸਿਹਤਮੰਦ ਭੋਜਨ ਜਾਂ ਕਹੋ ਕਿ ਪ੍ਰਾਪਰ ਫੂਡ ਦਾ ਹੈ। ਇਸ ਨੂੰ ਅਸੀਂ ਦੂਜਾ ਗੇੜ (ਸਟੇਜ ਟੂ) ਕਹਿ ਸਕਦੇ ਹਾਂ, ਜਿਸ ਵਿੱਚ ਕਣਕ, ਚਾਵਲ, ਦਾਲ ਦੀ ਭੂਮਿਕਾ ਘੱਟ ਹੋ ਜਾਂਦੀ ਹੈ ਅਤੇ ਫਲ, ਸਬਜੀਆਂ ਅਤੇ ਮਾਂਸ ਮੁੱਖ ਹੋ ਜਾਂਦੇ ਹਨ। ਇਸ ਵਿੱਚ ਸਵਾਦ ਦੀ ਮੰਗ ਜ਼ਿਆਦਾ ਨਹੀਂ ਹੈ, ਅਸਲੀ ਸਵਾਲ ਸਿਹਤ ਦਾ ਹੈ। ਇਸ ਪਰਿਭਾਸ਼ਾ ਨੂੰ ਸਰਲ ਕਰੀਏ, ਤਾਂ ਕਹਿ ਸਕਦੇ ਹਾਂ ਕਿ ਹੁਣ ਦੇਸ਼ ਵਿੱਚ ਸਵਾਦ ਕੁਝ ਖਾਸ ਲੋਕਾਂ ਦੀ ਹੀ ਜਰੂਰਤ ਹੈ, ਜਦੋਂ ਕਿ ਕਰੋੜਾਂ ਭਾਰਤੀਆਂ ਲਈ ਪੌਸ਼ਟਿਕ ਭੋਜਨ ਦਾ ਸਵਾਲ ਜ਼ਿਆਦਾ ਜਰੂਰੀ ਹੈ। ਭਾਰਤੀਆਂ ਦੇ ਭੋਜਨ ਅਤੇ ਖੁਰਾਕ ਪਦਾਰਥ ਸ੍ਰੋਤਾਂ ਤੇ ਭਾਰਤ ਸਰਕਾਰ ਸਮੇਂ ਸਮੇਂ ਤੇ ਇੱਕ ਸਰਵੇਖਣ ਕਰਦੀ ਹੈ। ਦਾ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਇੱਕ ਅੰਕੜੇ (ਸਾਲ 2005-06) ਦੇ ਅਨੁਸਾਰ 64.2 ਫੀਸਦੀ ਮਹਿਲਾਵਾਂ ਰੋਜਾਨਾ ਹਰੀਆਂ ਪੱਤੇਦਾਰ ਸਬਜੀਆਂ ਖਾਂਦੀਆਂ ਹਨ। ਲਗਭਗ ਇੱਕ ਤਿਹਾਈ ਮਹਿਲਾਵਾਂ (28.7 ਫੀਸਦੀ) ਹਫਤੇ ਵਿੱਚ ਇੱਕ ਵਾਰ ਹੀ ਹਰੀ ਸਬਜੀਆਂ ਖਾ ਪਾਉਂਦੀਆਂ ਹਨ ਅਤੇ 6.8 ਫੀਸਦੀ ਮਹਿਲਾਵਾਂ ਤਾਂ ਕਦੇ ਕਦੇ ਹੀ ਹਰੀਆਂ ਸਬਜੀਆਂ ਖਾ ਪਾਉਂਦੀਆਂ ਹਨ। ਮਤਲਬ ਦੇਸ਼ ਵਿੱਚ ਇੱਕ ਤਿਹਾਈ ਤੋਂ ਜ਼ਿਆਦਾ ਮਹਿਲਾਵਾਂ ਹੁਣ ਵੀ ਪੌਸ਼ਟਿਕ ਭੋਜਨ ਤੋਂ ਦੂਰ ਹਨ।
ਪੌਸ਼ਟਿਕ ਭੋਜਨ ਵਿੱਚ ਫਲਾਂ ਦਾ ਵੱਡਾ ਮਹੱਤਵ ਹੈ। ਸਰਕਾਰ ਦੇ ਇਸ ਸਰਵੇ ਅਨੁਸਾਰ ਸਿਰਫ 12.7 ਫੀਸਦੀ ਮਹਿਲਾਵਾਂ ਰੋਜ ਫਲ ਖਾ ਪਾਉਂਦੀਆਂ ਹਨ। ਦੁੱਧ ਅਤੇ ਦਹੀਂ ਦੀ ਉਪਲਬਧਤਾ ਘੱਟ ਹੀ ਹੈ। ਸਰਵੇ ਦੇ ਅਨੁਸਾਰ ਸਿਰਫ 39.8 ਫੀਸਦੀ ਮਹਿਲਾਵਾਂ ਰੋਜ ਦੁੱਧ ਜਾਂ ਦਹੀਂ ਦਾ ਸੇਵਨ ਕਰ ਪਾਉਂਦੀਆਂ ਹਨ। 15.6 ਫੀਸਦੀ ਹਫਤੇ ਵਿੱਚ ਇੱਕ ਵਾਰ ਅਤੇ 33.2 ਫੀਸਦੀ ਕਦੇ ਕਦੇ ਦੁੱਧ ਜਾਂ ਦਹੀ ਦਾ ਸੇਵਨ ਕਰ ਪਾਉਂਦੀਆਂ ਹਨ। ਸਿਰਫ 3.5 ਫੀਸਦੀ ਮਹਿਲਿਾਵਾ ਰੋਜ ਅੰਡੇ ਖਾ ਪਾਉਂਦੀਆਂ ਹਨ, 28.8 ਫੀਸਦੀ ਹਫਤੇ ਵਿੱਚ ਵਾਰ ਅਤੇ 32.9 ਫੀਸਦੀ ਮਹਿਲਾਵਾਂ ਕਦੇ ਕਦੇ ਆਂਡੇ ਖਾਂਦੀਆਂ ਹਨ। ਫਿਸ਼ ਚਿਕਨ, ਮੀਟ ਤੇ ਮਾਮਲੇ ਵਿੱਚ ਵੀ ਹਾਲਾਤ ਚੰਗੇ ਨਹੀਂ ਹਨ। ਸਿਰਫ 6.9 ਫੀਸਦੀ ਮਹਿਲਾਵਾਂ ਰੋਜ ਮਾਂਸਾਹਾਰ ਕਰ ਪਾਉਂਦੀਆਂ ਹਨ, 34.1 ਫੀਸਦੀ ਹਫਤੇ ਵਿੱਚ ਇੱਕ ਵਾਰ ਅਤੇ 35.1 ਫੀਸਦੀ ਕਦੇ ਕਦੇ ਨਾਨਵੇਜ ਭੋਜਨ ਲੈ ਪਾਉਂਦੀਆਂ ਹਨ।
ਭੋਜਨ ਕਿੰਨਾ ਪੌਸ਼ਟਿਕ:- ਜੇਕਰ ਭੋਜਨ ਵਿਚੋਂ ਹਰੀਆਂ ਸਬਜੀਆਂ, ਫਲ, ਦੁੱਧ, ਅੰਡੇ ਅਤੇ ਮਾਂਸ ਨੂੰ ਕੱਢ ਦਿੱਤਾ ਜਾਵੇ ਤਾਂ ਉਸ ਨੂੰ ਪੌਸ਼ਟਿਕ ਨਹੀਂ ਕਿਹਾ ਜਾ ਸਕਦਾ। ਚਿਕਨ ਅਤੇ ਅੰਡੇ ਨੂੰ ਛੱਡ ਦੇਈਏ ਤਾਂ ਦੇਸ਼ ਵਿੱਚ ਬਾਕੀ ਸਾਰੇ ਖੁਰਾਕ ਪਦਾਰਥਾਂ ਦੀ ਪੈਦਾਵਾਰ ਉਤਪਾਦਨ ਦਾ ਤਰੀਕਾ ਰਵਾਇਤੀ ਹੀ ਹੈ। ਕਿਉਂਕਿ ਚਿਕਨ ਅਤੇ ਅੰਡੇ ਦੇ ਉਤਪਾਦਨ ਵਿੱਚ ਵਿਗਿਆਨਿਕ ਤੌਰ ਤਰੀਕੇ ਅਪਣਾਏ ਜਾ ਚੁੱਕੇ ਹਨ, ਲਿਹਾਜਾ ਇਨ੍ਹਾਂ ਦੀਆਂ ਕੀਮਤਾਂ ਲੰਬੇ ਸਮੇਂ ਤੋਂ ਤੁਲਨਾਤਮਕ ਰੂਪ ਵਿੱਚ ਸਥਿਰ ਬਣੀਆਂ ਹੋਈਆਂ ਹਨ ਅਤੇ ਨਿਮਨ ਆਮਦਨ ਵਰਗ ਦੇ ਲੋਕ ਵੀ ਕਦੇ ਕਦੇ ਚਿਕਨ ਆਦਿ ਖਰੀਦ ਪਾ ਰਹੇ ਹਨ।
ਇਨ੍ਹਾਂ ਅੰਕੜਿਆਂ ਅਤੇ ਤੱਥਾਂ ਦਾ ਨਤੀਜਾ ਇਹੀ ਹੈ ਕਿ ਕਣਕ ਅਤੇ ਚਾਵਲ ਤਕਰੀਬਨ ਹਰ ਭਾਰਤੀ ਦੀ ਪਹੁੰਚ ਵਿੱਚ ਹੈ। ਇਸ ਆਧਾਰ ਤੇ ਜੇਕਰ ਮੰਨ ਲਈਏ ਕਿ ਭੁੱਖ ਦਾ ਸਵਾਲ ਲਗਭਗ ਹੱਲ ਹੋ ਗਿਆ ਹੈ, ਤਾਂ ਹੁਣ ਜੋ ਜੰਗ ਹੈ ਉਹ ਹਰ ਭਾਰਤੀ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਾਉਣ ਦੀ ਹੈ। ਇਹ ਜੰਗ ਵਿਗਿਆਨ ਦੀ ਮਦਦ ਨਾਲ ਹੀ ਜਿੱਤੀ ਜਾ ਸਕਦੀ ਹੈ। ਪਰ ਪੈਦਾਵਾਰ ਵਧਾਉਣ ਵਿੱਚ ਵਿਗਿਆਨਿਕ ਤੌਰ ਤਰੀਕੇ ਅਪਨਾਉਣ ਦੀ ਗੱਲ ਦਾ ਉਹ ਲੋਕ ਜਰੂਰ ਵਿਰੋਧ ਕਰਨਗੇ, ਜੋ ਸਵਾਦ ਦੀ ਜ਼ਿਆਦਾ ਚਿੰਤਾ ਕਰਦੇ ਹਨ। ਹਾਲ ਵਿੱਚ ਸਰਕਾਰ ਨੇ ਬੀਟੀ ਬੈਂਗਣ ਤੇ ਉਸ ਲਾਂਬੀ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ। ਦੇਸ਼ ਨੂੰ ਸਵਾਦ ਦੀ ਨਹੀਂ, ਸਿਹਤ ਦੀ ਚਿੰਤਾ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਦੇ ਲਈ ਪਹਿਲੀ ਜਰੂਰਤ ਅਜਿਹੀ ਹਰੀ ਕ੍ਰਾਂਤੀ ਲਿਆਉਣ ਦੀ ਹੈ ਜਿਸ ਨਾਲ ਸਬਜੀ, ਫਲ ਆਦਿ ਦੀ ਪੈਦਾਵਾਰ ਵਧੇ।
ਚੰਦਰਭਾਨ ਪ੍ਰਸਾਦ



Designed & Maintained By www. tejinfo.com
Welcome! You are visitor No:
© 2008 Skyhawktimes.com