|
ਮਹਿੰਗਾਈ ਦੇ ਮੁੱਦੇ ਤੇ ਕਦੋਂ ਜਾਗੇਗੀ ਸਰਕਾਰ
ਕੇਂਦਰ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਦੇਸ਼ ਭਰ ਵਿੱਚ ਮਹਿੰਗਾਈ ਦਾ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਆਮ ਆਦਮੀ ਦੀ ਵਰਤੋਂ ਵਿੱਚ ਆਉਣ ਵਾਲੀ ਹਰੇਕ ਵਸਤੂ ਦੇ ਦਾਮ ਰਿਕਾਰਡ ਉਚਾਈ ਵੱਲ ਵੱਧਦੇ ਜਾ ਰਹੇ ਹਨ। ਕੇਂਦਰੀ ਵਿੱਤ ਮੰਤਰੀ ਵਲੋਂ ਇੱਕ ਦਿਨ ਪਹਿਲਾਂ ਪੇਸ਼ ਕੀਤੇ ਗਏ ਸਾਲਾਨਾ ਆਮ ਬਜਟ ਵਿੱਚ ਵੀ ਦਿਨੋਂ ਦਿਨ ਵੱਧਦੀ ਮਹਿੰਗਾਈ ਦੀ ਇਸ ਮਾਰ ਤੋਂ ਬਚਣ ਦੀ ਕੋਈ ਆਸ ਨਜਰ ਨਹੀਂ ਆ ਰਹੀ ਹੈ ਬਲਕਿ ਪੈਟ੍ਰੋਲੀਅਮ ਪਦਾਰਥਾਂ ਤੇ ਲਗਣ ਵਾਲੇ ਟੈਕਸ ਵਧਾਉਣ ਦੀ ਕਾਰਵਾਈ ਮਹਿੰਗਾਈ ਦੇ ਇਸ ਅੰਕੜੇ ਨੂੰ ਹੋਰ ਉਪਰ ਲਿਜਾ ਸਕਦੀ ਹੈ ਪਰੰਤੂ ਲੱਗਦਾ ਹੈ ਕਿ ਸਰਕਾਰ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਸ ਵਲੋਂ ਦਿਨੋਂ ਦਿਨ ਵੱਧਦੀ ਇਸ ਮਹਿੰਗਾਈ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਥਾਂ ਇਸ ਅਮਲ ਅੱਗੇ ਗੋਡੇ ਟੇਕ ਦਿੱਤੇ ਹਨ। ਮਹਿੰਗਾਈ ਤੇ ਕਾਬੂ ਕਰਨ ਲਈ ਜਿੰਮੇਵਾਰ ਦੇਸ਼ ਦੇ ਵਿੱਤ ਮੰਤਰੀ ਪਾਰਲੀਮੈਂਟ ਵਿੱਚ ਬਜਟ ਭਾਸ਼ਣ ਦੌਰਾਨ ਬੜੀ ਆਸਾਨੀ ਨਾਲ ਇਹ ਗੱਲ ਕਹਿ ਕੇ ਪੱਲਾ ਝਾੜ ਸਕਦੇ ਹਨ ਕਿ ਮਹਿੰਗਾਈ ਹਾਲੇ ਹੋਰ ਵੀ ਵੱਧ ਸਕਦੀ ਹੈ ਪਰੰਤੂ ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਦੀ ਇਹ ਮਾਰ ਆਮ ਲੋਕਾਂ ਦੀ ਸਹਿਣਸ਼ਕਤੀ ਨੂੰ ਪਾਰ ਕਰਨ ਲੱਗ ਪਈ ਹੈ। ਲਗਾਤਾਰ ਵੱਧਦੀ ਇਸ ਮਹਿੰਗਾਈ ਕਾਰਣ ਆਮ ਜਨਤਾ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਹਾਲਾਤ ਇਹ ਹਨ ਕਿ ਲੋਕ ਆਪਣੀ ਨਿੱਤ ਵਰਤੋਂ ਦਾ ਪੂਰਾ ਸਾਮਾਨ ਤਕ ਖਰੀਦਣ ਦੇ ਸਮਰਥ ਨਹੀਂ ਹੋ ਪਾ ਰਹੇ ਹਨ ਅਤੇ ਆਪਣੀਆਂ ਰੋਜਾਨਾ ਲੋੜਾਂ ਦੀ ਪੂਰਤੀ ਲਈ ਉਹਨਾਂ ਨੂੰ ਕਰਜਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਰਕਾਰ ਇਸ ਮੁੱਦੇ ਤੇ ਭਾਵੇਂ ਕੁੱਝ ਵੀ ਕਹੇ ਪਰੰਤੂ ਆਰਥਿਕ ਮਾਹਿਰ ਇਹ ਮੰਨਦੇ ਹਨ ਕਿ ਦੇਸ਼ ਵਿੱਚ ਜਰੂਰੀ ਵਸਤੂਆਂ ਦੀ ਵੱਡੇ ਪੱਧਰ ਤੇ ਹੁੰਦੀ ਜਮ੍ਹਾਂਖੋਰੀ ਅਤੇ ਵੱਡੇ ਕਾਰੋਬਾਰੀਆਂ ਵਲੋਂ ਵਾਧੂ ਮੁਨਾਫਾ ਕਮਾਉਣ ਦੇ ਲਾਲਚ ਕਾਰਣ ਹੀ ਮਹਿੰਗਾਈ ਇੰਨੀ ਜਿਆਦਾ ਵਧੀ ਹੈ। ਰਹਿੰਦੀ ਕਸਰ ਛੋਟੇ ਦੁਕਾਨਦਾਰਾਂ ਵਲੋਂ ਪੂਰੀ ਕਰ ਦਿੱਤੀ ਜਾਂਦੀ ਹੈ ਜਿਹਨਾਂ ਵਲੋਂ ਥੋਕ ਬਾਜਾਰ ਵਿੱਚ ਸਾਮਾਨ ਦੀ ਕੀਮਤ ਘੱਟ ਹੋ ਜਾਣ ਦੇ ਬਾਵਜੂਦ ਗ੍ਰਾਹਕਾਂ ਨੂੰ ਮਹਿੰਗੀ ਕੀਮਤ ਤੇ ਹੀ ਮਾਲ ਵੇਚਿਆ ਜਾਂਦਾ ਹੈ ਅਤੇ ਹਰ ਕੋਈ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਨਜਰ ਆਉਂਦਾ ਹੈ। ਸਰਕਾਰ ਵਲੋਂ ਜੇਕਰ ਮਹਿੰਗਾਈ ਤੇ ਕਾਬੂ ਕਰਨ ਲਈ ਕੋਈ ਕਾਰਵਾਈ ਕੀਤੀ ਵੀ ਜਾਂਦੀ ਹੈ ਤਾਂ ਵੀ ਉਸਦਾ ਅਸਰ ਸਿਰਫ ਥੋਕ ਬਾਜਾਰ ਤੇ ਹੀ ਨਜਰ ਆਉਂਦਾ ਹੈ। ਰਿਟੇਲ ਬਾਜਾਰ ਤੇ ਇਸਦਾ ਕੋਈ ਅਸਰ ਨਹੀਂ ਹੁੰਦਾ ਅਤੇ ਆਮ ਆਦਮੀ ਨੂੰ ਉਸਦੀ ਜਰੂਰਤ ਦਾ ਸਾਮਾਨ ਮਹਿੰਗੀ ਕੀਮਤ ਤੇ ਹੀ ਮਿਲਦਾ ਹੈ। ਇਸਦਾ ਕਾਰਣ ਇਹ ਹੈ ਕਿ ਰਿਟੇਲ ਬਾਜਾਰ ਵਿੱਚ ਵਿਕਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਉਪਰ ਕਾਬੂ ਕਰਨ ਅਤੇ ਦੁਕਾਨਦਾਰਾਂ ਦੀ ਮੁਨਾਫਾਖੋਰੀ ਤੇ ਕਾਬੂ ਕਰਨ ਲਈ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਣ ਥੋਕ ਬਾਜਾਰ ਵਿੱਚ ਕੀਮਤਾਂ ਘਟਨ ਦੇ ਬਾਵਜੂਦ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਦੀ। ਲਗਾਤਾਰ ਵੱਧਦੀ ਮਹਿੰਗਾਈ ਉਪਰ ਕਾਬੂ ਕਰਨਾ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ ਪਰੰਤੂ ਕੇਂਦਰ ਸਰਕਾਰ ਇਸ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਮਹਿੰਗਾਈ ਦੀ ਇਸ ਸਮੱਸਿਆ ਤੇ ਕਾਬੂ ਕਰਨ ਲਈ ਇਹ ਜਰੂਰੀ ਹੈ ਕਿ ਕੇਂਦਰ ਸਰਕਾਰ ਪੈਟ੍ਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਕੁੱਝ ਸਮਾਂ ਤਕ ਸਥਿਰ ਰੱਖੇ ਅਤੇ ਅਜਿਹੇ ਜਮ੍ਹਾਂਖੋਰਾਂ ਵਿਰੁੱਧ ਸਖਤ ਕਾਰਵਾਈ ਅੰਜਾਮ ਦਿੱਤੀ ਜਾਵੇ ਜਿਹੜੇ ਭਾਰੀ ਮੁਨਾਫੇ ਦੇ ਲਾਲਚ ਵਿੱਚ ਜਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਕਰਕੇ ਮਹਿੰਗਾਈ ਵਿੱਚ ਵਾਧੇ ਦਾ ਕਾਰਨ ਬਣ ਰਹੇ ਹਨ। ਇਸਦੇ ਨਾਲ ਨਾਲ ਥੋਕ ਬਾਜਾਰ ਵਿੱਚ ਸਾਮਾਨ ਦੀ ਕੀਮਤ ਵਿੱਚ ਹੋਣ ਵਾਲੀ ਕਮੀ ਦਾ ਫਾਇਦਾ ਆਮ ਜਨਤਾ ਤਕ ਪਹੁੰਚਾਉਣ ਲਈ ਵੀ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਰਿਟੇਲ ਦੁਕਾਨਦਾਰਾਂ ਵਲੋਂ ਅਜਿਹੇ ਮੌਕਿਆਂ ਤੇ ਕੀਤੀ ਜਾਣ ਵਾਲੀ ਮੁਨਾਫਾਖੋਰੀ ਤੇ ਕਾਬੂ ਕਰਨ ਦੇ ਪ੍ਰੰਬੰਧ ਕੀਤੇ ਜਾਣੇ ਚਾਹੀਦੇ ਹਨ। ਦੇਸ਼ ਵਿੱਚ ਜਰੂਰੀ ਵਸਤੂਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਉਹਨਾਂ ਦੀਆਂ ਕੀਮਤਾਂ ਨੂੰ ਸਥਿਰ ਰੱਖਣਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਸਰਕਾਰ ਚਾਹੇ ਵੀ ਤਾਂ ਵੀ ਉਸ ਆਪਦੀ ਇਸ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਇਹ ਬਹੁਤ ਗੰਭੀਰ ਸਮੱਸਿਆ ਹੈ ਅਤੇ ਇਸਤੇ ਕਾਬੂ ਕਰਨ ਲਈ ਕੇਂਦਰ ਸਰਕਾਰ ਵਲੋਂ ਸਖਤ ਕਦਮ ਚੁੱਕੇ ਜਾਣੇ ਬਹੁਤ ਜਰੂਰੀ ਹਨ ਇਸ ਲਈ ਸਰਕਾਰ ਨੂੰ ਇਸ ਮੁੱਦੇ ਤੇ ਚੁਸਤੀ ਵਿਖਾਉਂਦਿਆ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।
|
|