|
ਆਈ ਐਸ ਆਈ ਨੂੰ ਪਤਾ ਹੈ ਲਾਦੇਨ ਦਾ ਅੱਡਾ: ਮਾਹਿਰ
ਨਿਊਯਾਰਕ, 4 ਮਾਰਚ (ਸ.ਬ.) ਉਘੇ ਅਮਰੀਕੀ ਫੌਜੀ ਇਤਿਹਾਸਕਾਰ ਸਟੇਫੇਨ ਟਰਨਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਅੱਤਵਾਦੀ ਸੰਗਠਨ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਦੇ ਲੁਕਣ ਦੇ ਅੱਡੇ ਨਾਲ ਵਾਕਿਫ ਹੈ ਪਰ ਅਮਰੀਕਾ ਅਤੇ ਭਾਰਤ ਦੇ ਵਿਚਾਲੇ ਗਹਿਰਾਉਂਦੇ ਰਿਸ਼ਤੇ ਨਾਲ ਚਿੰਤਿਤ ਹੋ ਕੇ ਉਹ ਇਸ ਨੂੰ ਲੁਕਾ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਭਵਿੱਖ ਵਿੱਚ ਉਸ ਦਾ ਰਣਨੀਤਿਕ ਲਾਭ ਚੁੱਕਿਆ ਜਾ ਸਕੇ। ਅਫਗਾਨਿਸਤਾਨ ਦੀਆਂ ਵੱਖ-ਵੱਖ ਜੰਗਾਂ ਤੇ ਕਿਤਾਬ ਲਿਖ ਚੁੱਕੇ ਟਰਨਰ ਨੇ ਕਿਹਾ ਕਿ ਆਈ ਐਸ ਆਈ ਜਾਣਦੀ ਹੈ ਕਿ ਲਾਦੇਨ ਕਿੱਥੇ ਲੁਕਿਆ ਹੈ ਪਰ ਉਹ ਇਸ ਨੂੰ ਲੁਕਾ ਕੇ ਰੱਖਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਾਨੂੰ ਪਾਕਿਸਤਾਨ ਦੇ ਨਾਲ ਇੱਕ ਸਮਝੌਤਾ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਲਾਦੇਨ ਦੀ ਸੁਰੱਖਿਆ ਆਈ ਐਸ ਆਈ ਕਰ ਰਹੀ ਹੈ। ਅਮਰੀਕੀ ਟੀ ਵੀ ਚੈਨਲ ਸੀ ਐਨ ਐਨ ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਹੀ ਲਾਦੇਨ ਨੂੰ ਫੜਿਆ ਜਾ ਸਕੇ। ਟਰਨਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਮਜਬੂਤ ਹੁੰਦੇ ਰਿਸ਼ਤਿਆਂ ਨਾਲ ਚਿੰਤਿਤ ਹੋ ਕੇ ਪਾਕਿਸਤਾਨ ਲਾਦੇਨ ਨੂੰ ਲੁਕਾ ਕੇ ਰਣਨੀਤਿਕ ਲਾਭ ਚੁੱਕਣਾ ਚਾਹੁੰਦਾ ਹੈ। ਆਈ ਐਸ ਆਈ ਨੂੰ ਡਰ ਹੈ ਕਿ ਅਮਰੀਕਾ ਅੱਗੇ ਚੱਲ ਕੇ ਪਾਕਿਸਤਾਨ ਦਾ ਸਮਰਥਨ ਕਰਨਾ ਬੰਦ ਕਰ ਸਕਦਾ ਹੈ। ਟਰਨਰ ਨੇ ਕਿਹਾ ਕਿ ਮੈਂ ਇਹ ਸਮਝਦਾ ਹਾਂ ਕਿ ਇਸ ਸਮੇਂ ਲਾਦੇਨ ਦਾ ਪਤਾ ਲਗਾਉਣਾ ਅਸੰਭਵ ਹੈ। ਆਈ ਐਸ ਆਈ ਨੂੰ ਪਤਾ ਹੈ ਕਿ ਉਸ ਦੇ ਦੇਸ਼ ਵਿੱਚ ਕੀ ਚੱਲ ਰਿਹਾ ਹੈ। ਅਸੀਂ ਇੱਥ ਅਜਿਹੇ ਅਰਬ ਨਾਗਰਿਕ (ਲਾਦੇਨ) ਦੀ ਗੱਲ ਕਰ ਰਹੇ ਹਾਂ ਜੋ ਛੇ ਫੁੱਟ ਚਾਰ ਇੰਚ ਲੰਬਾ ਹੈ ਅਤੇ ਹਮੇਸ਼ਾ ਆਪਣੇ ਅੰਗ ਰੱਖਿਅਕਾਂ ਨਾਲ ਘਿਰਿਆ ਰਹਿੰਦਾ ਹੈ। ਲਾਦੇਨ ਦੇ ਜੀਵਨ ਤੇ ਕਿਤਾਬ ਲਿਖ ਚੁੱਕੇ ਇੱਕ ਹੋਰ ਮਾਹਿਰ ਥਾਮਸ ਮੋਕਾਟਿਸ ਨੇ ਸਲਾਹ ਦਿੱਤੀ ਕਿ ਲਾਦੇਨ ਦੀ ਹੱਤਿਆ ਕਰਨਾ ਸਭ ਤੋਂ ਚੰਗਾ ਵਿਚਾਰ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਤੋਂ ਹੀ ਇੱਕ ਨਾਇਕ ਹੈ ਅਤੇ ਉਸ ਦੀ ਹੱਤਿਆ ਕਰਨਾ ਸਿਰਫ ਇੱਕ ਹੋਰ ਸ਼ਹੀਦ ਨੂੰ ਪੈਦਾ ਕਰੇਗਾ। ਮੋਕਾਟਿਸ ਨੇ ਸੁਝਾਅ ਦਿੱਤਾ ਕਿ ਅੱਤਵਾਦ ਦੇ ਢਾਂਚੇ ਦਾ ਖਾਤਮਾ ਕਰਨਾ ਲਾਦੇਨ ਦੀ ਹੱਤਿਆ ਤੋਂ ਜ਼ਿਆਦਾ ਮਹੱਤਵਪੂਰਨ ਹੈ। ਲਾਦੇਨ ਨੂੰ ਕਈ ਲੋਕਾਂ ਨੇ ਕਥਿਤ ਰੂਪ ਨਾਲ ਪਾਕਿਸਤਾਨ ਵਿੱਚ ਦੇਖਣ ਦਾ ਦਾਅਵਾ ਕੀਤਾ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਉਤਰੀ ਵਜੀਰਿਸਤਾਨ ਇਲਾਕੇ ਵਿੱਚ ਲੁਕਿਆ ਹੋਇਆ ਹੈ। ਟਫਟ ਯੂਨੀਵਰਸਿਟੀ ਦੇ ਫਲੀਸ਼ਰ ਸਕੂਲ ਵਿੱਚ ਅੰਤਰਰਾਸ਼ਟਰੀ ਸੁਰੱਖਿਆ ਅਧਿਐਨ ਵਿੱਚ ਸਹਾਇਕ ਪ੍ਰੋਫੈਸਰ ਵਿਲੀਅਮ ਮਾਰਟੇਲ ਨੇ ਸੁਝਾਅ ਦਿੱਤਾ ਕਿ ਜੇ ਲਾਦੇਨ ਫੜਿਆ ਨਹੀਂ ਗਿਆ ਤਾਂ ਜ਼ਿਆਦਾ ਚੰਗਾ ਹੋਵੇਗਾ ਕਿਉਂਕਿ ਉਸ ਦੇ ਫੜੇ ਜਾਣ ਤੇ ਇਹ ਬਿਹਸ ਸ਼ੁਰੂ ਹੋ ਜਾਵੇਗੀ ਕਿ ਉਸ ਨੂੰ ਸਜ਼ਾ ਕੀ ਦਿੱਤੀ ਜਾਵੇ।
|
|