|
ਅਜੇ ਐਲ ਪੀ ਜੀ ਕੀਮਤਾਂ ਵਧਾਉਣ ਤੇ ਫੈਸਲਾ ਨਹੀਂ: ਜਤਿਨ ਪ੍ਰਸ਼ਾਦ
ਨਵੀਂ ਦਿੱਲੀ, 4 ਮਾਰਚ (ਸ.ਬ.) ਕੇਂਦਰ ਸਰਕਾਰ ਨੇ ਕਿਹਾ ਹੈ ਕਿ ਐਲ ਪੀ ਜੀ ਦੀਆਂ ਕੀਮਤਾਂ ਦੇ ਮਾਮਲੇ ਵਿੱਚ ਸਰਕਾਰ ਆਮ ਆਦਮੀ ਤੇ ਬੋਝ ਨਾ ਪਾਉਣ ਲਈ ਵਚਨਬਧ ਹੈ ਅਤੇ ਇਸ ਦੀਆਂ ਕੀਮਤਾਂ ਵਧਾਉਣ ਦੇ ਸਬੰਧ ਵਿੱਚ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਜਤਿਨ ਪ੍ਰਸ਼ਾਦ ਨੇ ਲੋਕਸਭਾ ਵਿੱਚ ਪ੍ਰਸ਼ਨਕਾਲ ਦੇ ਦੌਰਾਨ ਜੈ ਪ੍ਰਕਾਸ਼ ਅਗਵਰਵਾਲ, ਸੁਦੀਪ ਬੰਦੋਪਾਧਿਆਏ ਅਤੇ ਯੋਗੀ ਆਦਿਤਿਆਨਾਥ ਦੇ ਪੂਰਕ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਐਲ ਪੀ ਜੀ ਦੇ ਮਾਮਲੇ ਵਿੱਚ ਆਮ ਆਦਮੀ ਤੇ ਬੋਝ ਨਾ ਪਾਉਣ ਲਈ ਵਚਨਬਧ ਹੈ। ਉਹਨਾਂ ਸਪਸ਼ਟ ਕੀਤਾ ਕਿ ਐਲ ਪੀ ਜੀ ਦੀਆਂ ਕੀਮਤਾਂ ਵਧਾਉਣ ਦੇ ਸਬੰਧ ਵਿੱਚ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਰਕਾਰ ਪੀ ਡੀ ਐਸ, ਮਿੱਟੀ ਦਾ ਤੇਲ ਅਤੇ ਘਰੇਲੂ ਐਲ ਪੀ ਜੀ ਰਾਜ ਸਹਾਇਤਾ ਯੋਜਨਾ 2002 ਦੇ ਤਹਿਤ ਪ੍ਰਤੀ ਘਰੇਲਜ਼ੂ ਐਲ ਪੀ ਜੀ ਸਿਲੰਡਰ ਤੇ 22.50 ਰੁਪਏ ਦੀ ਰਾਜਕੋਸ਼ੀ ਰਾਜ ਸਹਾਇਤਾ ਪ੍ਰਦਾਨ ਕਰ ਰਹੀ ਹੈ। ਐਲ ਪੀ ਜੀ ਦੀ ਕਮੀ ਤੇ ਮੈਂਬਰਾਂ ਵੱਲੋਂ ਪ੍ਰਗਟਾਈ ਗਈ ਚਿੰਤਾ ਦੇ ਜਵਾਬ ਵਿੱਚ ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਘਰੇਲੂ ਪੱਧਰ ਤੇ ਉਤਪਾਦਨ ਵਧਾਉਣ ਨਾਲ ਇਸ ਦੇ ਆਯਾਤ ਵਿੱਚ ਕਮੀ ਆਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਠਿੰਡਾ, ਬੀਨਾ ਅਤੇ ਪਾਰਾਦੀਪ ਰਿਫਾਇਨਰੀਆਂ ਦੇ ਚਾਲੂ ਹੋਣ ਤੇ ਸਥਿਤੀ ਵਿੱਚ ਹੋਰ ਸੁਧਾਰ ਹੋਵੇਗਾ। ਉਹਨਾਂ ਦੱਸਿਆ ਕਿ ਬੀਨਾ ਰਿਫਾਇਨਰੀ ਇਸ ਸਾਲ ਜੁਲਾਈ-ਅਗਸਤ ਵਿੱਚ ਕੰਮ ਸ਼ੁਰੂ ਕਰ ਦੇਵਗੀ ਜਦੋਂਕਿ ਬਠਿੰਡਾ ਅਤੇ ਪਾਰਾਦੀਪ ਰਿਫਾਇਨਰੀਆਂ ਦੇ ਚਾਲੂ ਹੋਣ ਵਿੱਚ ਕੁੱਝ ਸਮਾਂ ਲੱਗੇਗਾ। ਯੂ ਪੀ ਏ ਸਰਕਾਰ ਦੇ ਕਾਰਜਕਾਲ ਵਿੱਚ ਐਲ ਪੀ ਜੀ ਦੀਆਂ ਕੀਮਤਾਂ ਵਧਣ ਸਬੰਧੀ ਯੋਗੀ ਆਦਿਤਿਆਨਾਥ ਦੀ ਟਿਪਣੀ ਤੇ ਪੈਟ੍ਰੋਲੀਅਮ ਰਾਜ ਮੰਤਰੀ ਨੇ ਕਿਹਾ ਕਿ ਐਨ ਡੀ ਏ ਦੇ 1998 ਤੋਂ 2004 ਦੇ ਕਾਰਜਕਾਲ ਵਿੱਚ ਐਲ ਪੀ ਜੀ ਦੀਆਂ ਕੀਮਤਾਂ ਵਿੱਚ 80 ਫੀਸਦੀ ਦਾ ਵਾਧਾ ਕੀਤਾ ਗਿਆ ਜਦੋਂਕਿ ਯੂ ਪੀ ਏ ਦੇ ਸ਼ਾਸਨਕਾਲ ਵਿੱਚ ਕੱਚੇ ਤੇਲ ਦੀਆਂ ਕੀਮਤਾਂ 100 ਤੋਂ 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦੇ ਬਾਵਜੂਦ ਕੀਮਤਾਂ ਉਥੇ ਦੀਆਂ ਉਥੇ ਰਹੀਆਂ। ਉਹਨਾਂ ਨੇ ਅਗਰਵਾਲ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਦਿੱਲੀ ਵਿੱਚ ਡੇਢ ਲੱਖ ਪੀ ਐਨ ਜੀ ਕਨੈਸ਼ਨ ਉਪਲਬਧ ਕਰਵਾਏ ਗਏ ਹਨ। ਸ੍ਰੀ ਪ੍ਰਸ਼ਾਦ ਨੇ ਦੱਸਿਆ ਕਿ ਸ਼ਹਿਰੀ ਆਬਾਦੀ ਵਿੱਚ 80 ਫੀਸਦੀ ਐਲ ਪੀ ਜੀ ਕਨੈਕਸ਼ਨ ਦਿੱਤੇ ਗਏ ਹਨ ਜਦੋਂਕਿ ਪੇਂਡੂ ਖੇਤਰਾਂ ਵਿੱਚ ਇਸ ਦਿਸ਼ਾ ਵਿੱਚ ਕੰਮ ਹੋ ਰਿਹਾ ਹੈ।
|
|