|
ਆਈ ਪੀ ਐਲ ਮੈਚਾਂ ਦੇ ਆਯੋਜਨ ਵਿੱਚ ਪ੍ਰਸ਼ਾਸ਼ਨ ਦੀ ਹਿੱਸੇਦਾਰੀ ਕਿਉਂ
ਦੇਸ਼ ਭਰ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕੇਟ ਮੈਚਾਂ ਵਿੱਚੋਂ ਕੁੱਝ ਮੈਚ ਮੁਹਾਲੀ ਵਿੱਚ ਸਥਿਤ ਪੀ ਸੀ ਏ ਸਟੇਡੀਅਮ ਵਿੱਚ ਵੀ ਆਯੋਜਿਤ ਕੀਤੇ ਜਾਣੇ ਹਨ ਅਤੇ ਸਥਾਨਕ ਪ੍ਰਸ਼ਾਸ਼ਨ ਇਹਨਾਂ ਮੈਚਾਂ ਦੇ ਆਯੋਜਨ ਲਈ ਪੱਬਾਂ ਭਾਰ ਹੋਣ ਲੱਗ ਪਿਆ ਹੈ। ਇਸ ਸੰਬੰਧੀ ਕੁੱਝ ਦਿਨ ਪਹਿਲਾਂ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਵਲੋਂ ਮੁਹਾਲੀ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇਹਨਾਂ ਮੈਚਾਂ ਦੀ ਮੁੱਖ ਆਯੋਜਕ ਕੰਪਨੀ ਕਿੰਗਸ ਇਲੈਵਨ ਪੰਜਾਬ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਇੱਕ ਮੀਟਿੰਗ ਵਿੱਚ ਪ੍ਰਸ਼ਾਸ਼ਨ ਵਲੋਂ ਨਾ ਸਿਰਫ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ ਬਲਕਿ ਵੱਖ ਵੱਖ ਪ੍ਰਸ਼ਾਸ਼ਨਿਕ ਅਤੇ ਸਿਵਲ ਅਧਿਕਾਰੀਆਂ ਨੂੰ ਇਸ ਸੰਬੰਧੀ ਮੁਸਤੈਦੀ ਨਾਲ ਕੰਮ ਕਰਨ ਦੀਆਂ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ। ਜਿੱਥੋਂ ਤਕ ਇਸ ਟੂਰਨਾਮੈਂਟ ਦੇ ਆਯੋਜਨ ਦਾ ਸਵਾਲ ਹੈ, ਇਹ ਪੂਰੀ ਤਰ੍ਹਾਂ ਵਪਾਰਕ ਆਯੋਜਨ ਹੈ ਅਤੇ ਇਸ ਆਯੋਜਨ ਦਾ ਇੱਕੋਂ ਇੱਕ ਮਕਸਦ ਟੂਰਨਾਮੈਂਟ ਦੇ ਆਯੋਜਕਾਂ ਅਤੇ ਕ੍ਰਿਕੇਟ ਸਟੇਡੀਅਮ ਦੇ ਪ੍ਰਬੰਧਕਾਂ ਨੂੰ ਵੱਧ ਤੋਂ ਵੱਧ ਵਿੱਤੀ ਫਾਇਦਾ ਪਹੁੰਚਾਉਣ ਤਕ ਸੀਮਿਤ ਹੈ। ਦੇਸ਼ ਦੇ ਕੁੱਝ ਵੱਡੇ ਉਦਯੋਗਿਕ ਘਰਾਣਿਆਂ, ਫਿਲਮੀ ਸਿਤਾਰਿਆਂ ਅਤੇ ਹੋਰਨਾਂ ਪ੍ਰਸਿੱਧ ਹਸਤੀਆਂ ਦੀ ਮਾਲਕੀ ਵਿੱਚ ਵਿਸ਼ਵ ਭਰ ਦੇ ਖਿਡਾਰੀਆਂ ਨੂੰ ਇਕੱਠਾ ਕਰਕੇ ਬਣਾਈਆਂ ਗਈਆਂ ਵੱਖ ਵੱਖ ਟੀਮਾਂ ਦੇ ਇਹਨਾਂ ਮੈਚਾਂ ਦੀਆਂ ਟਿਕਟਾਂ ਦੀ ਕੀਮਤ ਵੀ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਹੋਰਨਾਂ ਮੈਚਾਂ ਦੇ ਮੁਕਾਬਲੇ ਕਾਫੀ ਵੱਧ ਹੁੰਦੀ ਹੈ ਅਤੇ 20 20 ਉਵਰਾਂ ਦੇ ਸੀਮਿਤ ਮੈਚ ਵਿੱਚ ਵੱਧ ਤੋਂ ਵੱਧ ਦਰਸ਼ਕਾਂ ਦੀ ਹਾਜਰੀ ਨੂੰ ਯਕੀਨੀ ਬਣਾਉਣ ਲਈ ਆਯੋਜਕਾਂ ਵਲੋਂ ਕਈ ਤਰ੍ਹਾਂ ਦੇ ਚੋਚਲੇ ਵਰਤੇ ਜਾਂਦੇ ਹਨ ਅਤੇ ਹਰ ਤਰ੍ਹਾਂ ਦੀ ਸ਼ੋਸ਼ੇਬਾਜੀ ਕੀਤੀ ਜਾਂਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਮੈਚਾਂ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਇਕੱਤਰ ਹੁੰਦੇ ਹਨ ਅਤੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਇਹਨਾਂ ਦਰਸ਼ਕਾਂ ਦੀਆਂ ਆਵਾਜਾਈ ਜਰੂਰਤਾਂ ਦੇ ਨਾਲ ਨਾਲ ਹੋਰ ਕਈ ਤਰ੍ਹਾਂ ਦੇ ਪ੍ਰਬੰਧ ਕਰਨ ਦੀ ਜਿੰਮੇਵਾਰੀ ਸਥਾਨਕ ਪ੍ਰਸ਼ਾਸ਼ਨ ਦੇ ਸਿਰ ਪੈਂਦੀ ਹੈ ਪਰੰਤੂ ਸ਼ਹਿਰ ਵਾਸੀਆਂ ਦਾ ਹੁਣ ਤਕ ਦਾ ਤਜਰਬਾ ਇਹ ਦੱਸਦਾ ਹੈ ਕਿ ਸ਼ਹਿਰ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਕ੍ਰਿਕਟ ਮੈਚਾਂ ਦੇ ਆਯੋਜਨ ਦੌਰਾਨ ਪ੍ਰਸ਼ਾਸ਼ਨ ਦਾ ਪੂਰਾ ਅਮਲਾ ਫੈਲਾ ਸਿਰਫ ਅਤੇ ਸਿਰਫ ਇਹਨਾਂ ਮੈਚਾਂ ਦੇ ਆਯੋਜਨ ਵਿੱਚ ਰੁੱਝ ਜਾਂਦਾ ਹੈ ਅਤੇ ਇਸ ਦੌਰਾਨ ਬਾਕੀ ਸਾਰੇ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਜਾਂਦੇ ਹਨ। ਇਸਦਾ ਮੁੱਖ ਕਾਰਣ ਇਹ ਹੁੰਦਾ ਹੈ ਕਿ ਪੀ ਸੀ ਏ ਸਟੇਡੀਅਮ ਦੇ ਪ੍ਰਬੰਧਨ ਦੀ ਪੰਜਾਬ ਸਰਕਾਰ ਵਿੱਚ ਤਕੜੀ ਪੈਠ ਹੋਣ ਕਾਰਣ ਸਾਰੇ ਸਰਕਾਰੀ ਵਿਭਾਗਾਂ ਨੂੰ ਮੈਚ ਦੇ ਆਯੋਜਨ ਦੇ ਵੱਖ ਵੱਖ ਕੰਮਾਂ ਵਿੱਚ ਤੈਨਾਤ ਕਰ ਦਿੱਤਾ ਜਾਂਦਾ ਹੈ। ਸ਼ਹਿਰ ਵਿੱਚ ਆਯੋਜਿਤ ਹੋਣ ਵਾਲੇ ਇਹਨਾਂ ਕ੍ਰਿਕੇਟ ਮੈਚਾਂ ਦੇ ਆਯੋਜਨ ਦੌਰਾਨ ਸ਼ਹਿਰਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਮ੍ਹਣਾ ਕਰਣਾ ਪੈਂਦਾ ਹੈ। ਮੈਚ ਵੇਖਣ ਆਉਣ ਵਾਲੇ ਵੀ ਵੀ ਆਈ ਪੀ ਵਿਅਕਤੀਆਂ ਦੀ ਸੁਰਖਿਆ ਦੇ ਨਾਮ ਤੇ ਪ੍ਰਸ਼ਾਸ਼ਨ ਵਲੋਂ ਅਜਿਹੇ ਕਿਸੇ ਵੀ ਮੈਚ ਦੇ ਆਯੌਜਨ ਦੌਰਾਨ ਪੀ ਸੀ ਏ ਸਟੇਡੀਅਮ ਦੇ ਸਾਮ੍ਹਣੇ ਤੋਂ ਲੰਘਦੀ ਸੜਕ ਤੇ ਜਨਤਕ ਆਵਾਜਾਈ ਤੱਕ ਰੋਕ ਦਿੱਤੀ ਜਾਂਦੀ ਹੈ ਅਤੇ ਇਸ ਸਟੇਡੀਅਮ ਦੇ ਆਸਪਾਸ ਪੈਂਦੇ ਇਲਾਕੇ ਦੇ ਵਸਨੀਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਡੱਕ ਦਿੱਤਾ ਜਾਂਦਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੁੱਝ ਅਸਰਦਾਰ ਵਿਕਅਤੀਆਂ ਅਤੇ ਵੱਡੇ ਵਪਾਰਕ ਜਾਂ ਉਦਯੋਗਿਕ ਘਰਾਣਿਆਂ ਵਲੋਂ ਸਿਰਫ ਅਤੇ ਸਿਰਫ ਮੁਨਾਫਾਖੋਰੀ ਕਰਨ ਲਈ ਆਯੋਜਿਤ ਕੀਤੇ ਜਾਣ ਵਾਲੇ ਅਜਿਹੇ ਕਿਸੇ ਵੀ ਆਯੋਜਨ ਲਈ ਪੂਰੀ ਪ੍ਰਸ਼ਾਸ਼ਨਿਕ ਮਸ਼ੀਨਰੀ ਨੂੰ ਕਿਊਂ ਤੈਨਾਤ ਕੀਤਾ ਜਾਂਦਾ ਹੈ। ਅਜਿਹਾ ਹੋਣ ਨਾਲ ਪੀ ਸੀ ਏ ਦੇ ਪ੍ਰਬੰਧਕਾਂ ਦੀਆਂ ਤਾਂ ਮੌਜਾਂ ਲੱਗ ਜਾਂਦੀਆਂ ਹਨ ਪਰੰਤੂ ਸ਼ਹਿਰ ਵਾਸੀਆਂ ਨੂੰ ਢੇਰਾਂ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ। ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਕਿਸੇ ਵੀ ਮੈਚ ਦੇ ਆਯੌਜਨ ਦੌਰਾਨ ਆਪਣੀ ਭੂਮਿਕਾ ਨੂੰ ਸੀਮਿਤ ਕਰੇ ਅਤੇ ਉਸਦਾ ਪੂਰਾ ਜੋਰ ਇਸ ਗੱਲ ਤੇ ਹੋਣਾ ਚਾਹੀਦਾ ਹੈ ਕਿ ਅਜਿਹੇ ਕਿਸੇ ਮੈਚ ਦੇ ਆਯੋਜਨ ਦੌਰਾਨ ਸ਼ਹਿਰਵਾਸੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਮ੍ਹਣਾ ਨਾ ਕਰਣਾ ਪਵੇ। ਸਟੇਡੀਅਮ ਦੇ ਪ੍ਰਬੰਧਕਾਂ ਨੂੰ ਲੋੜੋਂ ਵੱਧ ਸਹੂਲਤਾਂ ਦੇਣ ਦੀ ਥਾਂ ਪ੍ਰਸ਼ਾਸ਼ਨ ਨੂੰ ਆਮ ਲੋਕਾਂ ਦੀ ਵਧੇਰੇ ਫਿਕਰ ਕਰਨੀ ਚਾਹੀਦੀ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਆਮ ਲੋਕਾਂ ਨੂੰ ਇਸ ਦੌਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ।
|
|