ਭਾਜਪਾ ਨੂੰ ਨਹੀਂ ਤਾਂ ਕਾਂਗਰਸ ਨੂੰ ਤਾਂ ਫਾਇਦਾ ਦੇ ਹੀ ਰਹੇ ਹਨ ਅਡਵਾਨੀ

ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਆਪਣੀ ਪਾਰਟੀ ਦਾ ਪੀ ਐਮ ਕੈਂਡੀਡੇਟ ਬਣਨ ਤੋਂ ਬਾਅਦ ਆਪਣੇ ਲੋਕਾਂ ਲਈ ਤਾਂ ਕੁਝ ਨਹੀਂ ਕਰ ਪਾ ਰਹੇ, ਪਰ ਕਾਂਗਰਸ ਦੇ ਲਈ ਜਰੂਰ ਇੱਕ ਵੱਡਾ ਕੰਮ ਕਰ ਰਹੇ ਹਨ।
ਉਹ ਸਮੇਂ ਸਮੇਂ ਤੇ ਡਾ. ਮਨਮੋਹਨ ਸਿੰਘ ਵਰਗੇ ਚੁੱਪ ਆਦਮੀ ਨੂੰ ਵੀ ਜੁਬਾਨ ਖੋਲਣ ਲਈ ਮਜਬੂਰ ਕਰ ਦਿੰਦੇ ਹਨ ਅਤੇ ਦੇਸ਼ ਨੂੰ ਯਾਦ ਦਿਵਾ ਦਿੰਦੇ ਹਨ ਕਿ ਡਾ. ਮਨਮੋਹਨ ਸਿੰਘ ਦਰਅਸਲ ਉਹ ਨਹੀਂ, ਜੋ ਦਿਖਦੇ ਹਨ। ਉਹ ਅਕਸਰ ਚੁੱਪ ਰਹਿੰਦੇ ਹਨ, ਪਰ ਜਦੋਂ ਬੋਲਣ ਤੇ ਆਉਂਦੇ ਹਨ ਤਾਂ ਕੁਝ ਦਮਦਾਰ ਕਹਿੰਦੇ ਹਨ। ਉਨ੍ਹਾਂ ਦੀਆਂ ਇੱਕ ਦੋ ਲਾਈਨਾਂ ਹੀ ਸਾਹਮਣੇ ਵਾਲੇ ਨੂੰ ਲਾਜਵਾਬ ਕਰਨ ਲਈ ਕਾਫੀ ਹੁੰਦੀਆਂ ਹਨ।
ਯਾਦ ਕਰੋ ਇਸ ਵਾਰ ਦੀਆਂ ਲੋਕਸਭਾ ਚੋਣਾਂ, ਅਡਵਾਣੀ ਘੁੰਮ ਫਿਰ ਕੇ ਮਨਮੋਹਨ ਸਿੰਘ ਨੂੰ ਹੁਣ ਤੱਕ ਦਾ ਸਭ ਤੋਂ ਕਮਜੋਰ ਪ੍ਰਧਾਨ ਮੰਤਰੀ ਦੱਸ ਰਹੇ ਸਨ। ਮਨਮੋਹਨ ਸਿੰਘ ਪਹਿਲਾਂ ਤਾਂ ਚੁੱਪ ਰਹੇ, ਸੁਣਦੇ ਰਹੇ, ਫਿਰ ਉਤਰ ਦਿੱਤਾ। ਬਸ ਇੰਨਾ ਕਿ ਜਨਤਾ ਸਮਝ ਜਾਵੇ। ਲੋਕਾਂ ਨੇ ਸਮਝ ਲਿਆ ਅਤੇ ਦੱਸ ਦਿੱਤਾ ਹੈ ਕਿ ਕੌਣ ਕਿੰਨੇ ਪਾਣੀ ਵਿੱਚ ਹੈ। ਪਿਛਲੇ ਕੁਝ ਸਮੇਂ ਤੋਂ ਜਨਤਾ ਇਸ ਗੱਲ ਨੂੰ ਭੁਲਣ ਲੱਗੀ ਸੀ। ਲੋਕਾਂ ਦੇ ਅੰਦਰ ਇੱਕ ਵਾਰ ਫਿਰ ਇਹ ਸਵਾਲ ਉਠਣ ਲੱਗਾ ਸੀ ਕਿ ਆਖਿਰ ਪ੍ਰਧਾਨ ਮੰਤਰੀ ਦੀ ਕੋਈ ਭੂਮਿਕਾ ਹੈ ਜਾਂ ਨਹੀਂ। ਬਸ ਆਪਣੀ ਭੂਮਿਕਾ ਨਿਭਾਉਣ ਲਈ ਸਾਹਮਣੇ ਆ ਗਏ ਅਡਵਾਣੀ। ਲੋਕਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਤੇ ਚਰਚਾ ਵਿੱਚ ਉਨ੍ਹਾਂ ਨੇ ਅਜਿਹੇ ਅਜਿਹੇ ਦੋਸ਼ ਮੜ੍ਹ ਦਿੱਤੇ ਕਿ ਡਾ. ਮਨਮੋਹਨ ਸਿੰਘ ਤੋਂ ਰਿਹਾ ਨਹੀਂ ਗਿਆ। ਇਸ ਵਾਰ ਤਾਂ ਭਾਸ਼ਣ ਵਿਚਾਲੇ ਹੀ ਉਹ ਬੋਲ ਪਏ। ਅਡਵਾਣੀ ਦੀ ਹਰ ਗੱਲ ਨੂੰ ਕੱਟ ਦਿੱਤਾ।
ਅਡਵਾਣੀ ਨੇ ਕਿਹਾ ਕਿ ਸਰਕਾਰ ਸਾਬਕਾ ਫੌਜੀ ਕਰਮਚਾਰੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ ਹੈ। ਪੀ ਐਮ ਨੇ ਇਸਦਾ ਖੰਡਨ ਕਰਦਿਆਂ ਚੇਤੰਨ ਕੀਤਾ ਕਿ ਤੁਸੀਂ ਸਰਕਾਰ ਅਤੇ ਫੌਜ ਦੇ ਵਿਚਕਾਰ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੋ। ਅਡਵਾਣੀ ਨੇ ਕਿਹਾ ਕਿ ਸਰਕਾਰ ਅਮਰੀਕਾ ਦੇ ਦਬਾਅ ਵਿੱਚ ਆ ਕੇ ਪਾਕਿਸਤਾਨ ਨਾਲ ਗੱਲ ਕਰ ਰਹੀ ਹੈ, ਮਨਮੋਹਨ ਸਿੰਘ ਨੇ ਇਸ ਦਾ ਜੋਰਦਾਰ ਵਿਰੋਧ ਕੀਤਾ। ਇੱਕ ਸਮੇਂ ਅਡਵਾਣੀ ਨੇ ਮਨਮੋਹਨ ਸਿੰਘ ਨੂੰ ਰਾਜਨੀਤੀ ਵਿੱਚ ਅਨਾੜੀ ਕਿਹਾ ਸੀ। ਇਸ ਵਾਰ ਮਨਮੋਹਨ ਸਿੰਘ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਅਨਾੜੀ ਨਹੀਂ ਹਨ। ਉਹ ਜਾਣ ਗਏ ਹਨ ਕਿ ਭਾਸ਼ਣ ਦੇ ਦੌਰਾਨ ਕਿੱਥੇ ਟੋਕਿਆ ਜਾ ਸਕਦਾ ਹੈ, ਅਤੇ ਬੁਲਾਰੇ ਨੂੰ ਉਸ ਦੀ ਗੱਲ ਨਾਲ ਕਿਵੇਂ ਮਾਰਿਆ ਜਾ ਸਕਦਾ ਹੈ।
ਪੀ ਐਮ ਨੇ ਅਡਵਾਣੀ ਨੂੰ ਸਾਫ ਕਹਿ ਦਿੱਤਾ ਕਿ ਉਹ ਉਨ੍ਹਾਂ ਦੇ ਕਾਲਪਨਿਕ ਸਵਾਲਾਂ ਦੇ ਜਵਾਬ ਨਹੀਂ ਦੇਣਗੇ। ਅਡਵਾਣੀ ਦੀ ਕਲਪਨਾਸ਼ੀਲਤਾ ਤੇ ਕਾਂਗਰਸੀ ਜਰੂਰ ਮੁਗਧ ਹੋ ਰਹੇ ਹੋਣਗੇ। ਆਖਿਰ ਇਸੇ ਕਾਰਣ ਦੇਸ਼ ਨੂੰ ਪਤਾ ਚਲਿਆ ਕਿ ਮਨਮੋਹਨ ਸਿੰਘ ਪਹਿਲਾਂ ਤੋਂ ਜ਼ਿਆਦਾ ਮਜਬੂਤ ਹੋ ਗਏ ਹਨ। ਪਰ ਭਾਜਪਾ ਨੇਤਾ ਇਸ ਗੱਲ ਲਈ ਜਰੂਰ ਕੁੜ ਰਹੇ ਹੋਣਗੇ ਕਿ ਆਖਿਰ ਅਡਵਾਣੀ ਨੇ ਸਾਰੀ ਕਲਪਨਾਸ਼ੀਲਤਾ ਦੋਸ਼ ਲਗਾਉਣ ਵਿੱਚ ਹੀ ਕਿਉਂ ਖਰਚ ਕਰ ਦਿੱਤੀ? ਥੋੜ੍ਹਾ ਭਾਜਪਾ ਲਈ ਬਚਾ ਕੇ ਰੱਖਦੇ।



Designed & Maintained By www. tejinfo.com
Welcome! You are visitor No:
© 2008 Skyhawktimes.com