|
ਸੰਯੁਕਤ ਰਾਸ਼ਟਰ ਵੱਲੋਂ ਚਿਲੀ ਨੂੰ 10 ਲੱਖ ਡਾਲਰ ਦੇਣ ਦਾ ਐਲਾਨ
ਸੈਂਟੀਆਗੋ, 6 ਮਾਰਚ (ਸ.ਬ.) ਪਿਛਲੀ ਦਿਨੀਂ ਭੂਚਾਲ ਨਾਲ ਤਬਾਹ ਹੋਏ ਚਿੱਲੀ ਵਿੱਚ ਬਰਬਾਦੀ ਦਾ ਜਾਇਜਾ ਲੈਣ ਆਏ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਚਿੱਲੀ ਨੂੰ ਸੰਯੁਕਤ ਰਾਸ਼ਟਰ ਦੇ ਐਮਰਜੈਂਸੀ ਫੰਡ ਤੋਂ ਦਸ ਲੱਖ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਹੈ। ਮੂਨ ਨੇ ਕਿਹਾ ਕਿ ਚਿੱਲੀ ਵਿੱਚ ਸਹਾਇਤਾ ਕਾਰਜ ਵਿੱਚ ਲੱਗੀਆਂ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੂੰ ਉਕਤ ਰਾਸ਼ੀ ਸੈਂਟਰਲ ਐਮਰਜੈਂਸੀ ਰਿਸਪਾਂਸ ਫੰਡ ਤੋਂ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਚਿੱਲੀ ਦੇ ਇਸ ਭੂਚਾਲ ਦੀ ਗਤੀ 8.8 ਮਾਪੀ ਗਈ ਸੀ ਅਤੇ ਇਸ ਵਿੱਚ ਕਰੀਬ ਅੱਠ ਸੌ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਚਿੱਲੀ ਦੇ ਲੋਕਾਂ ਦੇ ਹੌਂਸਲੇ ਨੂੰ ਦੇਖਦੇ ਮੇਰਾ ਹੌਂਸਲਾ ਬੰਨਿਆ ਹੈ। ਆਪਣੇ ਇਸ ਦੌਰੇ ਤੇ ਮੂਨ ਨੇ ਚਿੱਲੀ ਦੇ ਰਾਸ਼ਟਰਪਤੀ ਮਾਈਕਲ ਬੈਚਲੇਟ ਨਾਲ ਮੁਲਾਕਾਤ ਕਰਕੇ ਰਾਹਤ ਕਾਰਜਾਂ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਚਿੱਲੀ ਦੇ ਮੰਤਰੀਆਂ ਅਤੇ ਉਥੇ ਦੇ ਕੰਮ ਕਰਦੇ ਸੰਯੁਕਤ ਰਾਸ਼ਟਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਵਿਸ਼ਵ ਭਾਈਚਾਰੇ ਨੂੰ ਚਿੱਲੀ ਨੂੰ ਮਦਦ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਮੂਨ ਨੇ ਕਿਹਾ ਕਿ ਚਿੱਲੀ ਨੇ ਹੈਤੀ ਦੀ ਅਸਾਧਾਰਣ ਤਰੀਕੇ ਨਾਲ ਮਦਦ ਕੀਤੀ ਸੀ। ਹੁਣ ਅੰਤਰਰਾਸ਼ਟਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਦੀ ਜਿੰਮੇਵਾਰੀ ਹੈ ਕਿ ਉਹ ਚਿੱਲੀ ਦੇ ਨਾਗਰਿਕਾਂ ਦੀ ਮਦਦ ਲਈ ਅੱਗੇ ਆਉਣ।
|
|