ਤਾਈਵਾਨ ਵਿੱਚ ਵਾਪਰੇ ਰੇਲ ਹਾਦਸੇ ਦੌਰਾਨ 34 ਵਿਅਕਤੀਆਂ ਦੀ ਮੌਤ, ਕਈ ਜ਼ਖਮੀ

ਤਾਇਪੇ, 2 ਅਪ੍ਰੈਲ (ਸ.ਬ.) ਤਾਇਵਾਨ ਦੇ ਪੂਰਬੀ ਤੱਟ ਨੇੜੇ ਇਕ ਰੇਲਗੱਡੀ ਪਟੜੀ ਤੋਂ ਉੱਤਰ ਗਈ। ਇਸ ਹਾਦਸੇ ਵਿਚ ਘੱਟੋ-ਘੱਟ 34 ਯਾਤਰੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ । ਇਹ ਹਾਦਸਾ ਅੱਜ ਸਰਕਾਰੀ ਛੁੱਟੀ ਦੇ ਦਿਨ ਤੋਰੋਕ ਜੌਰਜ ਦਰਸ਼ਨੀ ਖੇਤਰ ਦੇ ਨੇੜੇ ਸਵੇਰੇ 9 ਵਜੇ ਦੇ ਕਰੀਬ ਵਾਪਰਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਰੇਲਗੱਡੀ ਵਿਚ 350 ਯਾਤਰੀ ਸਵਾਰ ਸਨ। ਇਸ ਦੌਰਾਨ ਇਕ ਟਰੱਕ ਇਕ ਖੜ੍ਹੀ ਚਟਾਨ ਤੋਂ ਲੰਘਦੇ ਹੋਏ ਹੇਠਾਂ ਆ ਡਿੱਗਾ ਅਤੇ ਇੱਥੇ ਸੁਰੰਗ ਤੋਂ ਨਿਕਲ ਰਹੀ ਰੇਲਗੱਡੀ ਉਸ ਨਾਲ ਟਕਰਾ ਗਈ। ਰੇਲਗੱਡੀ ਦਾ ਜ਼ਿਆਦਾਤਰ ਹਿੱਸਾ ਹੁਣ ਵੀ ਸੁਰੰਗ ਵਿਚ ਫਸਿਆ ਹੋਣ ਕਾਰਨ, ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਯਾਤਰੀਆਂ ਨੂੰ ਸੁਰੱਖਿਅਤ ਥਾਂ ਤੱਕ ਪਹੁੰਚਣ ਲਈ ਦਰਵਾਜਿਆਂ, ਖਿੜਕੀਆਂ ਅਤੇ ਛੱਤਾਂ ਤੇ ਚੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਹੁਆਲਿਯਨ ਕਾਊਂਟੀ ਦੇ ਬਚਾਅ ਵਿਭਾਗ ਮੁਤਾਬਕ ਰੇਲਗੱਡੀ ਦੇ ਸੁਰੰਗ ਤੋਂ ਬਾਹਰ ਆਉਂਦੇ ਹੀ ਟਰੱਕ ਉਪਰੋਂ ਆ ਡਿੱਗਾ, ਜਿਸ ਨਾਲ ਸ਼ੁਰੂ ਦੇ ਪੰਜ ਡੱਬਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ।

ਘਟਨਾ ਸਥਾਨ ਤੇ ਮੌਜੂਦ ਲੋਕਾਂ ਵੱਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਤੇ ਟੀਵੀ ਫੁਟੇਜ ਵਿਚ ਲੋਕ ਸੁਰੰਗ ਦੇ ਪ੍ਰਵੇਸ਼ ਦੇ ਠੀਕ ਬਾਹਰ ਰੇਲਗੱਡੀ ਦੇ ਇਕ ਡੱਬੇ ਦੇ ਖੁੱਲ੍ਹੇ ਹੋਏ ਗੇਟ ਤੇ ਚੜ੍ਹਦੇ ਦਿਖ ਰਹੇ ਹਨ। ਇਕ ਡੱਬੇ ਦਾ ਅੰਦਰੂਨੀ ਹਿੱਸਾ ਪੂਰੀ ਤਰ੍ਹਾਂ ਉਖੜ ਕੇ ਨੇੜਲੀ ਸੀਟ ਤੇ ਆ ਡਿੱਗਾ ਹੈ। ਇਹ ਹਾਦਸਾ ਚਾਰ ਦਿਨ ਦੇ ਟੌਮਬ ਸਵੀਪਿੰਗ ਉਤਸਵ ਦੇ ਪਹਿਲੇ ਦਿਨ ਵਾਪਰਿਆ ਹੈ।

Leave a Reply

Your email address will not be published. Required fields are marked *