ਫਰਿਜ਼ਨੋ ਵਿੱਚ ਏਸ਼ੀਅਨ ਮੂਲ ਦੀ ਮਹਿਲਾ ਦਾ ਕਤਲ, ਹਮਲਾਵਰ ਔਰਤ ਗ੍ਰਿਫ਼ਤਾਰ

ਫਰਿਜ਼ਨੋ, 6 ਅਪ੍ਰੈਲ (ਸ.ਬ.) ਅਮਰੀਕਾ ਵਿੱਚ ਏਸ਼ੀਅਨ ਮੂਲ ਦੇ ਲੋਕਾਂ ਨੂੰ ਹਿੰਸਕ ਘਟਨਾਵਾਂ ਦਾ ਨਿਸ਼ਾਨਾ ਬਣਾਉਣਾ ਜਾਰੀ ਹੈ। ਇਕ ਤਾਜ਼ਾ ਘਟਨਾ ਵਿੱਚ ਕੈਲੀਫੋਰਨੀਆ ਵਿੱਚ ਇੱਕ ਏਸ਼ੀਅਨ ਮੂਲ ਦੀ ਮਹਿਲਾ ਨੂੰ ਚਾਕੂ ਨਾਲ ਵਿੰਨ੍ਹ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ । ਇਸ ਮਾਮਲੇ ਵਿੱਚ ਆਪਣੇ ਕੁੱਤਿਆਂ ਨੂੰ ਘੁਮਾਉਂਦੀ ਹੋਈ ਇੱਕ ਏਸ਼ੀਆਈ ਮਹਿਲਾ ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ 64 ਸਾਲਾ ਕੇ ਚੀਹ ਮੈਂਗ ਸਵੇਰੇ ਤਕਰੀਬਨ 7:30 ਵਜੇ ਰਿਵਰਸਾਈਡ ਵਿੱਚ ਆਪਣੇ ਦੋ ਛੋਟੇ ਕੁੱਤਿਆਂ ਨਾਲ ਘੁੰਮ ਰਹੀ ਸੀ, ਜਿਸ ਦੌਰਾਨ ਉਸ ਨੂੰ ਛੁਰਾ ਮਾਰਿਆ ਗਿਆ। ਇਸ ਛੁਰੇਬਾਜ਼ੀ ਕਾਰਨ ਪੀੜਤ ਮਹਿਲਾ ਖੂਨ ਵਗਣ ਕਰਕੇ ਜ਼ਮੀਨ ਤੇ ਡਿੱਗ ਪਈ। ਕਾਰਵਾਈ ਦੌਰਾਨ ਅਧਿਕਾਰੀਆਂ ਨੇ ਉਸ ਨੂੰ ਜ਼ਮੀਨ ਤੇ ਡਿੱਗੀ ਦੇਖਿਆ ਅਤੇ ਇੱਕ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

23 ਸਾਲਾ ਡਾਰਲਿਨ ਸਟੀਫਨੀ ਮੋਂਤੋਆ ਦੀ ਪੁਲੀਸ ਨੇ ਅਸਥਾਈ ਤੌਰ ਤੇ ਹਮਲਾਵਰ ਵਜੋਂ ਪਛਾਣ ਕੀਤੀ ਹੈ। ਉਸ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਡਾਰਲਿਨ ਦੇ ਨਸ਼ੇ ਦੇ ਪਿਛੋਕੜ ਅਤੇ ਉਸ ਦੀ ਮਾਨਸਿਕ ਸਿਹਤ ਦੇ ਇਤਿਹਾਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੱਤਿਆ ਦੇ ਸ਼ੱਕ ਦੇ ਆਧਾਰ ਤੇ ਉਸ ਨੂੰ ਰਾਬਰਟ ਪ੍ਰੇਸਲੇ ਨਜ਼ਰਬੰਦੀ ਕੇਂਦਰ ਵਿੱਚ ਰੱਖਣ ਦੇ ਨਾਲ, ਉਸ ਤੇ ਨਸ਼ੇ ਵਾਲੇ ਪਦਾਰਥ ਦੇ ਪ੍ਰਭਾਵ ਅਧੀਨ ਹੋਣ ਦਾ ਵੀ ਦੋਸ਼ ਲਾਇਆ ਗਿਆ ਹੈ। ਇਸ ਸ਼ੱਕੀ ਮਹਿਲਾ ਡਾਰਲਿਨ ਨੂੰ ਪਹਿਲਾਂ ਵੀ ਹਿੰਸਕ ਵਾਰਦਾਤਾਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *