ਅਮਰੀਕਾ ਵਿੱਚ 19 ਅਪ੍ਰੈਲ ਤੋਂ ਹਰ ਬਾਲਗ ਨੂੰ ਲੱਗੇਗਾ ਕੋਰੋਨਾ ਟੀਕਾ : ਬਾਈਡੇਨ

ਵਾਸ਼ਿੰਗਟਨ, 7 ਅਪ੍ਰੈਲ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਸਿਰਫ 75 ਦਿਨ ਦੇ ਅੰਦਰ ਰਿਕਾਰਡ 15 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਹੈ ਅਤੇ ਦੇਸ਼ ਵਿਚ 19 ਅਪ੍ਰੈਲ ਤੋਂ ਹਰ ਬਾਲਗ ਨੂੰ ਟੀਕਾ ਲੱਗ ਸਕੇਗਾ। ਉਹਨਾਂ ਨੇ ਆਪਣੀ ਘੋਸ਼ਣਾ ਵਿਚ ਕਿਹਾ ਕਿ 19 ਅਪ੍ਰੈਲ ਤੋਂ ਹਰ ਬਾਲਗ ਟੀਕਾ ਲਗਵਾ ਸਕੇਗਾ ਅਤੇ ਟੀਕਾਕਰਨ ਮੁਹਿੰਮ ਦਾ ਵਿਸਥਾਰ ਹੋਵੇਗਾ। ਬਾਈਡੇਨ ਨੇ ਆਪਣੇ ਪ੍ਰਸ਼ਾਸਨ ਦੇ ਸ਼ੁਰੂਆਤੀ 100 ਦਿਨਾਂ ਦੇ ਅੰਦਰ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਸੀ ਪਰ ਉਹਨਾਂ ਨੇ ਸਿਰਫ 75 ਦਿਨ ਦੇ ਅੰਦਰ ਰਿਕਾਰਡ 15 ਕਰੋੜ ਲੋਕਾਂ ਦਾ ਟੀਕਾਕਰਨ ਕਰਾ ਦਿੱਤਾ ਹੈ।

ਬਾਈਡੇਨ ਨੇ ਹੁਣ ਆਪਣੇ ਪ੍ਰਸ਼ਾਸਨ ਦੇ ਪਹਿਲੇ 100 ਦਿਨ ਵਿਚ 20 ਕਰੋੜ ਦੇਸ਼ਵਾਸੀਆਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਸੀ। ਰਾਸ਼ਟਰਪਤੀ ਨੇ ਵਾਸ਼ਿੰਗਟਨ ਡੀ.ਸੀ. ਦੇ ਵਰਜੀਨੀਆ ਉਪਨਗਰ ਵਿਚ ਇਕ ਟੀਕਾਕਰਨ ਕੇਂਦਰ ਵਿਚ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਹਾਲੇ ਜਿੱਤ ਦੇ ਕਰੀਬ ਨਹੀਂ ਪਹੁੰਚੇ ਹਾਂ। ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਵਾਇਰਸ ਖ਼ਿਲਾਫ਼ ਜੰਗ ਵਿਚ ਅਸੀਂ ਹਾਲੇ ਵੀ ਸੰਘਰਸ਼ ਕਰ ਰਹੇ ਹਾਂ। ਜਦੋਂ ਤੱਕ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਨਹੀਂ ਹੁੰਦਾ, ਉਦੋਂ ਤੱਕ ਇਹ ਜ਼ਰੂਰੀ ਹੈ ਕਿ ਹਰ ਕੋਈ ਆਪਣੇ ਹੱਥਾਂ ਨੂੰ ਧੋਵੇ, ਸਮਾਜਿਕ ਦੂਰੀ ਦੀ ਪਾਲਣਾ ਕਰੇ ਅਤੇ ਮਾਸਕ ਪਹਿਨੇ।”

ਉਹਨਾਂ ਨੇ ਕਿਹਾ ਟੀਕਾਕਰਨ ਹੀ ਮਹਾਮਾਰੀ ਨੂੰ ਹਰਾਉਣ ਦਾ ਇਕੋ ਇਕ ਢੰਗ ਹੈ। ਬਾਈਡੇਨ ਨੇ ਕਿਹਾ ਕਿ ਚੰਗਾ ਸਮਾਂ ਆਉਣ ਵਾਲਾ ਹੈ ਅਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਜੁਲਾਈ ਤੱਕ ਅਸੀਂ ਇਕ ਸੁਰੱਖਿਅਤ, ਖੁਸ਼ਹਾਲ ਮਾਹੌਲ ਵਿਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਛੋਟੇ ਸਮੂਹਾਂ ਵਿਚ ਖੁਸ਼ੀ ਦੇ ਪਲ ਬਿਤਾ ਸਕਾਂਗੇ ਪਰ ਅਸਲ ਵਿਚ ਸਵਾਲ ਇਹ ਹੈ ਕਿ ਉਦੋਂ ਤੱਕ ਅਸੀਂ ਕਿੰਨੀਆਂ ਹੋਰ ਮੌਤਾਂ, ਬਿਮਾਰੀਆਂ ਅਤੇ ਦੁਖ ਦੇਖਣੇ ਬਾਕੀ ਹਨ।” ਬਾਈਡੇਨ ਨੇ ਕਿਹਾ ਕਿ ਨਵੇਂ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਹਸਪਤਾਲਾਂ ਵਿਚ ਮਰੀਜ਼ ਵੱਧ ਰਹੇ ਹਨ। ਉਹਨਾਂ ਨੇ ਕਿਹਾ ਕਿ ਵਾਇਰਸ ਦੇ ਨਵੇਂ ਵੈਰੀਐਂਟ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਹੋਰ ਦੇਸ਼ਾਂ ਵਿਚ ਨਵੇਂ ਵੈਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿਚ ਵੀ ਅਜਿਹੇ ਮਾਮਲੇ ਆ ਰਹੇ ਹਨ। ਉਹਨਾਂ ਨੇ ਮੰਨਿਆ ਕਿ ਵਾਇਰਸ ਦਾ ਨਵਾਂ ਵੈਰੀਐਂਟ ਜ਼ਿਆਦਾ ਜਾਨਲੇਵਾ ਹੈ ਪਰ ਉਹਨਾਂ ਨੇ ਜ਼ੋਰ ਦਿੱਤਾ ਕਿ ਟੀਕਾ ਨਵੇਂ ਵੈਰੀਐਂਟ ਤੇ ਵੀ ਕਾਰਗਰ ਹੈ।”

ਉਹਨਾਂ ਨੇ ਸਵੀਕਾਰ ਕੀਤਾ ਕਿ ਉਹਨਾਂ ਦਾ ਪ੍ਰਸ਼ਾਸਨ ਮਾਰਚ ਤੱਕ ਹਰ ਸਕੂਲੀ ਅਧਿਆਪਕ, ਸਕੂਲ ਕਰਮਚਾਰੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀ ਨੂੰ ਟੀਕੇ ਦੀ ਖੁਰਾਕ ਦੇਣ ਦੇ ਟੀਚੇ ਨੂੰ ਪੂਰਾ ਨਹੀਂ ਕਰ ਪਾਇਆ ਜਿਸ ਨਾਲ ਕਿ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਸਕੇ। ਕੋਰੋਨਾ ਵਾਇਰਸ ਮਹਾਮਾਰੀ ਨਾਲ ਹੁਣ ਤੱਕ 5,54,064 ਅਮਰੀਕੀ ਜਾਨ ਗਵਾ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਵਾਇਰਸ ਦਾ ਨਵਾਂ ਵੈਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਹਾਮਾਰੀ ਹੁਣ ਵੀ ਖਤਰਨਾਕ ਪੱਧਰ ਤੇ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡਗ ਐਮਹੌਫ ਨੇ ਵੀ ਕੋਵਿਡ-19 ਟੀਕਾਕਰਨ ਮੁਹਿੰਮ ਦੇ ਪ੍ਰਚਾਰ ਵਿਚ ਹਿੱਸਾ ਲਿਆ। ਦੋਹਾਂ ਨੇ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ।

ਹੈਰਿਸ ਨੇ ਸ਼ਿਕਾਗੋ ਵਿਚ ਅਤੇ ਐਮਹੌਫ ਨੇ ਵਾਸ਼ਿੰਗਟਨ ਦੇ ਯਾਕਿਮਾ ਵਿਚ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ। ਹੈਰਿਸ ਨੇ ਕਿਹਾ ਕਿ ਸਾਨੂੰ ਆਸ ਦੀ ਕਿਰਨ ਹੁਣ ਨਜ਼ਰ ਆ ਰਹੀ ਹੈ। ਦੇਸ਼ ਦੇ ਚੋਟੀ ਦੇ ਛੂਤ ਰੋਗ ਮਾਹਿਰ ਡਾਕਟਰ ਐਨਥਨੀ ਫਾਉਚ ਨੇ ਚਿਤਾਵਨੀ ਦਿੱਤੀ ਕਿ ਦੇਸ਼ ਵਿਚ ਹਾਲੇ ਵੀ ਗੰਭੀਰ ਸਮਾਂ ਚੱਲ ਰਿਹਾ ਹੈ। ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਟੀਕੇ ਦਾ ਉਤਪਾਦਨ ਵਧਾਉਣ ਅਤੇ ਸਪਲਾਈ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਉਹਨਾਂ ਨੇ ਭਾਰਤ ਅਤੇ ਦੱਖਣੀ ਅਫਰੀਕਾ ਦੀ ਅਗਵਾਈ ਵਿਚ ਕਈ ਦੇਸ਼ਾਂ ਵੱਲੋਂ ਵਿਸ਼ਵ ਸਿਹਤ ਸੰਗਠਨ ਵਿਚ ਕੋਵਿਡ-19 ਟੀਕਿਆਂ ਲਈ ਬੌਧਿਕ ਜਾਇਦਾਦ ਛੋਟ ਦੀ ਅਪੀਲ ਨੂੰ ਲੈ ਕੇ ਅਮਰੀਕਾ ਦੇ ਰਵੱਈਏ ਤੇ ਕੁਝ ਨਹੀਂ ਕਿਹਾ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਇਸ ਨੇ ਆਪਣੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਡਬਲਊ.ਟੀ.ਓ. ਸਾਡੇ ਰਵੱਈਏ ਤੇ ਕੁਝ ਨਹੀਂ ਦੱਸ ਸਕਦਾ ਪਰ ਰਾਸ਼ਟਰਪਤੀ, ਵਿਦੇਸ਼ ਮੰਤਰੀ ਟੋਨੀ ਬਲਿੰਕਨ ਗਲੋਬਲ ਟੀਕਾ ਨਿਰਮਾਣ ਅਤੇ ਸਪਲਾਈ ਤੇ ਧਿਆਨ ਕੇਂਦਰਿਤ ਕੀਤੇ ਹੋਏ ਹਨ ਜੋ ਮਹਾਮਾਰੀ ਖ਼ਿਲਾਫ਼ ਜੰਗ ਵਿਚ ਅਹਿਮ ਹੋਵੇਗਾ।

Leave a Reply

Your email address will not be published. Required fields are marked *