ਕੈਪਟਨ ਸਰਕਾਰ ਦੀ ਬਜਾਏ ਮੋਦੀ ਸਰਕਾਰ ਨੂੰ ਚੂੜੀਆਂ ਪਵਾਉਣ ਭਾਜਪਾ ਦੀਆਂ ਬੀਬੀਆਂ : ਬਲਜੀਤ ਕੌਰ

ਐਸ.ਏ.ਐਸ.ਨਗਰ,7 ਅਪ੍ਰੈਲ (ਸ.ਬ.) ਨਗਰ ਨਿਗਮ ਮੁਹਾਲੀ ਦੀ ਕਾਂਗਰਸੀ ਕੌਂਸਲਰ ਬੀਬੀ ਬਲਜੀਤ ਕੌਰ ਨੇ ਭਾਜਪਾ ਮਹਿਲਾ ਮੋਰਚੇ ਵੱਲੋਂ ਕੈਪਟਨ ਸਰਕਾਰ ਨੂੰ ਚੂੜੀਆਂ ਪਹਿਨਾਉਣ ਰੂਪੀ ਰੋਸ ਪ੍ਰਦਰਸ਼ਨ ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਬੀਬੀਆਂ ਚੂੜੀਆਂ ਪਹਿਨਾਉਣਾ ਹੀ ਚਾਹੁੰਦੀਆਂ ਹਨ ਤਾਂ ਭਾਜਪਾ ਦੇ ਮੰਤਰੀਆਂ ਅਤੇ ਹੋਰਨਾਂ ਆਗੂਆਂ ਨੂੰ ਜਾ ਕੇ ਪਹਿਨਾਉਣ ਜਿਹੜੇ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਡਰ ਕੇ ਖੁੱਡਾਂ ਵਿੱਚ ਲੁਕ ਚੁੱਕੇ ਹਨ।

ਇੱਥੇ ਜਾਰੀ ਇੱਕ ਬਿਆਨ ਵਿੱਚ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਤੋਂ ਪੂਰਾ ਦੇਸ਼ ਅੱਕ ਚੁੱਕਿਆ ਹੈ। ਮੋਦੀ ਸਰਕਾਰ ਤੋਂ ਪ੍ਰੇਸ਼ਾਨ ਹੋਏ ਆਮ ਲੋਕਾਂ ਅਤੇ ਕਿਸਾਨਾਂ ਵੱਲੋਂ ਦਿਨ ਰਾਤ ਦੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ, ਪ੍ਰੰਤੂ ਭਾਜਪਾ ਬੀਬੀਆਂ ਮੋਦੀ ਸਰਕਾਰ ਨੂੰ ਸਮਝਾਉਣ ਦੀ ਬਜਾਇ ਕੈਪਟਨ ਸਰਕਾਰ ਖਿਲਾਫ਼ ਡਰਾਮੇਬਾਜ਼ੀ ਕਰ ਰਹੀਆਂ ਹਨ।

Leave a Reply

Your email address will not be published. Required fields are marked *