ਤ੍ਰਿਣਮੂਲ ਕਾਂਗਰਸ ਦੀ ਸੂਬਾ ਇਕਾਈ ਨੇ ਖਰੜ ਵਿੱਚ ਆਪਣਾ ਮੁੱਖ ਦਫਤਰ ਖੋਲ੍ਹਿਆ

ਖਰੜ, 7 ਅਪ੍ਰੈਲ (ਸ.ਬ.) ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਸੂਬਾ ਇਕਾਈ ਵਲੋਂ ਅੱਜ ਖਰੜ ਵਿੱਚ ਆਪਣਾ ਮੁੱਖ ਦਫਤਰ ਖੋਲ੍ਹਿਆ ਗਿਆ। ਇਸ ਸੰਬੰਧੀ ਇੱਕ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਨੇ ਕਿਹਾ ਕਿ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ (ਅਕਾਲੀ ਦਲ ਅਤੇ ਕਾਂਗਰਸ) ਨੇ ਪਿਛਲੇ ਸੱਤਰ ਸਾਲਾਂ ਦੌਰਾਨ ਪੰਜਾਬ ਨੂੰ ਵਾਰੀ ਵਾਰੀ ਲੁੱਟਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਹੁਣ ਤੱਕ ਰਹਿ ਚੁੱਕੇ ਸਾਰੇ ਮੰਤਰੀਆਂ ਦੀਆਂ ਜਾਇਦਾਦਾਂ ਹਰ ਸਰਕਾਰ ਵਿਚ ਕਈ ਗੁਣਾ ਵੱਧ ਜਾਂਦੀਆਂ ਹਨ ਜਦਕਿ ਆਮ ਲੋਕਾਂ ਦੀਆਂ ਕੁੱਲੀ ਗੁੱਲੀ ਤੇ ਜੁੱਲੀ ਦੀਆਂ ਲੋੜਾਂ ਤਕ ਪੂਰੀਆਂ ਨਹੀਂ ਹੁੰਦੀਆਂ। ਉਹਨਾਂ ਕਿਹਾ ਕਿ ਇਹ ਸਭ ਕੁਝ ਇਸ ਲਈ ਹੁੰਦਾ ਹੈ ਕਿਉਂਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਸਰਕਾਰਾਂ ਤੋਂ ਸ਼ੁਰੂ ਹੋਕੇ ਹੇਠਲੇ ਪੱਧਰ ਤੱਕ ਪੁੱਜ ਚੁੱਕਾ ਹੈ।

ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਸਮਾਜ ਦਾ ਹਰ ਵਰਗ ਤੰਗ ਹੈ। ਪੰਜਾਬ ਵਿੱਚ ਬਿਜਲੀ ਦਰਾਂ ਪੰਜਾਬ ਵਿੱਚ ਪੂਰੇ ਦੇਸ਼ ਨਾਲੋਂ ਵੱਧ ਹਨ, ਸੂਬੇ ਵਿੱਚ ਬੇਰੁਜਗਾਰੀ ਸਾਰੇ ਹੱਦਬੰਨੇ ਟੱਪ ਗਈ ਹੈ, ਕਿਸਾਨਾਂ ਨੂੰ ਖੇਤੀਬਾੜੀ ਲਈ ਦਿੱਤੀ ਜਾਂਦੀ ਬਿਜਲੀ ਸਬਸਿਡੀ ਦਾ ਬੋਝ ਆਮ ਲੋਕਾਂ ਤੇ ਪਾਇਆ ਜਾਂਦਾ ਹੈ, ਸਰਕਾਰੀ ਮੁਲਾਜਮਾਂ ਨੂੰ ਹੁਣ ਤਕ ਛੇਵੇਂ ਪੇ ਕਮਿਸ਼ਨ ਦੀ ਕਿਸ਼ਤ ਨਹੀਂ ਦਿੱਤੀ ਗਈ ਜਦਕਿ ਸਤਵਾਂ ਪੇ ਕਮਿਸ਼ਨ ਵੀ ਆ ਚੁੱਕਾ ਹੈ, ਰੇਤੇ ਦੀ ਚੋਰ ਬਜਾਰੀ ਵਿਚ ਅਕਾਲੀਆਂ ਅਤੇ ਕਾਂਗਰਸੀਆਂ ਦੀ ਭਾਈਵਾਲੀ ਹੈ, ਸ਼ਰਾਬ ਦਾ ਕਾਰੋਬਾਰ ਵੀ ਇਕ ਵੱਡਾ ਮਾਫੀਆ ਸਾਂਭੀ ਬੈਠਾ ਹੈ ਜਿਸ ਵਿਚ ਮੰਤਰੀ ਤਕ ਸ਼ਾਮਿਲ ਹਨ। ਉਹਨਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਇਹਨਾਂ ਸਾਰੇ ਮੁੱਦਿਆਂ ਤੇ ਅਕਾਲੀ ਅਤੇ ਕਾਂਗਰਸੀ ਆਗੂਆਂ ਤੋਂ ਜਵਾਬ ਮੰਗਦੀ ਹੈ ਅਤੇ ਬਹੁਤ ਜਲਦੀ ਇਸ ਸਬੰਧੀ ਪੂਰੇ ਪੰਜਾਬ ਵਿਚ ਇਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

Leave a Reply

Your email address will not be published. Required fields are marked *