ਭਾਜਪਾ ਮਹਿਲਾ ਮੋਰਚਾ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਿਸਾਨ ਸਮਰਥਕਾਂ ਨੇ ਭਾਜਪਾ ਦੇ ਖਿਲਾਫ ਕੀਤੀ ਜਵਾਬੀ ਨਾਹਰੇਬਾਜੀ

ਅਂੈਸ ਏ ਐਸ ਨਗਰ, 7 ਅਪ੍ਰੈਲ (ਜਸਵਿੰਦਰ ਸਿੰਘ ) ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਨੂੰ ਲੈ ਕੇ ਭਾਰਤੀ ਜਨਤਾ ਮਹਿਲਾ ਮੋਰਚਾ ਵੱਲੋਂ ਸੂਬੇ ਵਿੱਚ ਜ਼ਿਲ੍ਹਾ ਪੱਧਰ ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਸਿਹਤ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੀ ਕੋਠੀ ਵੱਲ ਵੱਧ ਰਹੀਆਂ ਭਾਜਪਾ ਮਹਿਲਾ ਮੋਰਚਾ ਦੀਆਂ ਮਹਿਲਾ ਵਰਕਰਾਂ ਨੂੰ ਪੁਲੀਸ ਵਲੋਂ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ ਜਿਸਤੇ ਮਹਿਲਾ ਮੋਰਚਾ ਆਗੂਆਂ ਅਤੇ ਵਰਕਰਾਂ ਵਲੋਂ ਉਸੇ ਥਾਂ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇੱਕ ਵਾਰ ਹਾਲਾਤ ਤਨਾਓਪੂਰਨ ਹੋ ਗਏ ਜਦੋਂ ਮੋਟਰ ਮਾਰਕੀਟ ਵਿੱਚ ਕੰਮ ਕਰਦੇ ਮਕੈਨਿਕਾਂ ਅਤੇ ਹੋਰ ਕਿਸਾਨ ਸਮਰਥਕਾਂ ਵਲੋਂ ਉੱਥੇ ਕੇਂਦਰ ਸਰਕਾਰ ਅਤੇ ਭਾਜਪਾ ਦੇ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਗਈ।

ਭਾਜਪਾ ਮਹਿਲਾ ਮੋਰਚਾ ਵਲੋਂ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਕਾਰਨ ਜਿਲ੍ਹਾ ਪ੍ਰਧਾਨ ਸੀ੍ਰਮਤੀ ਤੇਜਿੰਦਰ ਕੌਰ ਦੀ ਅਗਵਾਈ ਵਿਚ ਸਿਹਤ ਮੰਤਰੀ ਦੀ ਕੋਠੀ ਤੇ ਜਾ ਕੇ ਚੂੜੀਆਂ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸਦੇ ਤਹਿਤ ਭਾਜਪਾ ਮਹਿਲਾ ਮੋਰਚਾ ਦੀਆਂ ਔਰਤਾਂ ਵਲੋਂ ਫੇਜ਼ 7 ਦੀ ਮੋਟਰ ਮਾਰਕੀਟ ਦੇ ਸਾਮ੍ਹਣੇ ਇਕੱਠੇ ਹੋ ਕੇ ਸz. ਬਲਬੀਰ ਸਿੰਘ ਸਿੱਧੂ ਦੀ ਕੋਠੀ ਵੱਲ ਮਾਰਚ ਕੀਤਾ ਗਿਆ ਪਰੰਤੂ ਪੁਲੀਸ ਵਲੋਂ ਉਹਨਾਂ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ। ਇਸ ਦੌਰਾਨ ਇਹਨਾਂ ਮਹਿਲਾਵਾਂ ਵਲੋਂ ਸz. ਬਲਬੀਰ ਸਿਘ ਸਿੱਧੂ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ ਅਤੇ ਮਹਿਲਾ ਆਗੂਆਂ ਵੱਲੋਂ ਪੁਲੀਸ ਉਤੇ ਚੂੜੀਆਂ ਵੀ ਸੁੱਟੀਆਂ ਗਈਆਂ। ਇਸ ਦੌਰਾਨ ਜਦੋਂ ਮੋਟਰ ਮਾਰੀਕੀਟ ਵਿੱਚ ਕੰਮ ਕਰਦੇ ਕਿਸਾਨ ਸਮਰਥਕਾਂ ਦੁਕਾਨਦਾਰਾਂ ਨੇ ਭਾਜਪਾ ਮਹਿਲਾ ਮੋਰਚਾ ਦੀ ਇਹ ਕਾਰਵਾਈ ਵੇਖੀ ਤਾਂ ਉਹਨਾਂ ਵਲੋਂ ਇਕੱਠੇ ਹੋ ਕੇ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਖਿਲਾਫ ਨਾਹਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਵਾਂ ਪਾਸਿਊਂ ਕਾਫੀ ਦੇਰ ਤੱਕ ਇਹ ਨਾਹਰੇਬਾਜੀ ਹੁੰਦੀ ਰਹੀ।

ਭਾਰਤੀ ਜਨਤਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਬਚਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਕ ਐਮ ਐਲ ਏ ਸੁਰੱਖਿਅਤ ਨਹੀਂ ਹੈ ਤੇ ਆਮ ਆਦਮੀ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਮਹਿਲਾ ਮੋਰਚਾ ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰ ਦੇ ਮੰਤਰੀਆਂ ਨੂੰ ਚੂੜੀਆਂ ਭੇਟ ਕੀਤੀਆਂ ਜਾ ਰਹੀਆਂ ਹਨ ਕਿ ਜੇਕਰ ਉਹ ਸੂਬੇ ਦੇ ਲੋਕਾਂ ਦੀ ਹਿਫ਼ਾਜ਼ਤ ਨਹੀਂ ਕਰ ਸਕਦੇ ਤਾਂ ਚੂੜੀਆਂ ਪਾ ਕੇ ਘਰ ਬੈਠ ਜਾਣ। ਇਸ ਮੌਕੇ ਜਦੋਂ ਭਾਜਪਾ ਆਗੂਆਂ ਨੂੰ ਪੁੱਛਿਆ ਗਿਆ ਕਿ ਜਦੋਂ ਕਾਂਗਰਸ ਸਰਕਾਰ ਦੇ ਟਾਈਮ ਵਿਚ ਗੈਸ ਸਿਲੰਡਰ ਦਾ ਰੇਟ 400 ਰੁਪਏ ਸੀ ਉਦੋਂ ਵੀ ਕੁਝ ਬੀਜੇਪੀ ਨੇਤਾਵਾਂ ਦੁਆਰਾ ਕਾਂਗਰਸ ਸਰਕਾਰ ਨੂੰ ਚੂੜੀਆਂ ਭੇਜੀਆਂ ਗਈਆਂ ਸੀ ਅੱਜ ਗੈਸ ਸਿਲੰਡਰ ਸਾਢੇ ਅੱਠ ਸੌ ਰੁਪਏ ਤੋਂ ਉਪਰ ਵਿਕ ਰਿਹਾ ਹੈ ਤਾਂ ਭਾਜਪਾ ਦੀਆਂ ਮਹਿਲਾ ਆਗੂਆਂ ਦਾ ਕਹਿਣਾ ਸੀ ਮਹਿੰਗਾਈ ਅੱਜ ਕੋਈ ਮਾਅਨੇ ਨਹੀਂ ਰੱਖਦੀ।

ਦੂਜੇ ਪਾਸੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਸਮਰਥਕਾਂ ਦੇ ਆਗੂ ਵੀਰ ਪ੍ਰਤਾਪ ਸਿੰਘ ਨੇ ਕਿਹਾ ਕਿ ਬੀਜੇਪੀ ਸਰਕਾਰ ਦੇ ਰਾਜ ਵਿੱਚ ਲੋਕ ਭੁੱਖੇ ਮਰਨ ਤੇ ਆ ਗਏ ਹਨ । ਉਨ੍ਹਾਂ ਕਿਹਾ ਕਿ ਅੱਜ ਜਿਸ ਕਿਸਾਨ ਕੋਲ ਦੋ ਕਿੱਲੇ ਜ਼ਮੀਨ ਹੈ ਉਹ ਵੀ ਆਪਣਾ ਗੁਜ਼ਾਰਾ ਕਰ ਰਿਹਾ ਹੈ ਪਰੰਤੂ ਇਸ ਕਾਨੂੰਨ ਦੇ ਆਉਣ ਨਾਲ ਉਹਦੀ ਜ਼ਮੀਨ ਹੀ ਖੋਹੀ ਜਾਵੇਗੀ ਜਿਸ ਨਾਲ ਘਰ ਦੇ ਚਾਰ ਜੀ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੰਗਾਂ ਦਾ ਧਿਆਨ ਦਿੰਦੇ ਹੋਏ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।

ਇਸ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸੂਬਾ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਜਰਨਲ ਸਕੱਤਰ ਨੀਤੂ ਖੁਰਾਣਾ, ਸੂਬਾ ਆਫਿਸ ਸੈਕਟਰੀ ਸ਼੍ਰੀਮਤੀ ਚੰਪਾ ਰਾਣਾ, ਸ਼੍ਰੀਮਤੀ ਅਲਕਾ ਕੁਮਾਰ ਮਹਿਲਾ ਮੋਰਚਾ ਪ੍ਰਭਾਰੀ, ਪ੍ਰਤਿਭਾ ਸਿਨ੍ਹਾ, ਸਰਬਜੀਤ ਸੇਖੋਂ, ਸੁਨੀਤਾ ਠਾਕੁਰ ਅਤੇ ਰਮਣੀਕ ਸ਼ਰਮਾ, ਭਾਜਪਾ ਆਗੂ ਪਵਨ ਮਨੋਚਾ, ਅਨਿਲ ਕੁਮਾਰ ਗੁੱਡੂ, ਮਦਨ ਗੋਇਲ, ਸੰਜੀਵ ਜੋਸ਼ੀ, ਕਿਰਨ ਗੁਪਤਾ, ਪਰਮਜੀਤ ਕੌਰ, ਰੀਟਾ ਸਿੰਘ, ਮੁੰਨੀ ਦੇਵੀ, ਰੀਨਾ ਸਰਗਮ ਵੀ ਹਾਜ਼ਰ ਸਨ।

Leave a Reply

Your email address will not be published. Required fields are marked *