ਨਗਰ ਨਿਗਮ ਦੇ ਮੇਅਰ ਦੀ ਚੋਣ ਲਈ 8 ਅਪ੍ਰੈਲ ਦੀ ਮੀਟਿੰਗ ਮੁਲਤਵੀ ਹੁਣ 12 ਅਪ੍ਰੈਲ ਨੂੰ ਹੋਵੇਗੀ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ

ਐਸ ਏ ਐਸ ਨਗਰ, 7 ਅਪ੍ਰੈਲ (ਸ.ਬ.) ਨਗਰ ਨਿਗਮ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸੰਹੁ ਚੁਕਵਾਉਣ ਅਤੇ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਨ ਲਈ ਭਲਕੇ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਇਹ ਮੀਟਿੰਗ 12 ਅਪ੍ਰੈਲ ਨੂੰ ਸਵੇਰੇ 10 ਵਜੇ ਹੋਵੇਗੀ।

ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ ਪੰਜਾਬ ਸਰਕਾਰ ਵਲੋਂ 8 ਅਪ੍ਰੈਲ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ 8 ਅਪ੍ਰੈਲ ਦੀ ਰਾਖਵੀਂ ਛੁੱਟੀ ਨੂੰ ਗਜਟਿਡ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਉਸ ਵੇਲੇ ਇਹ ਕਿਹਾ ਗਿਆ ਸੀ ਕਿ ਇਸਦਾ ਨਗਰ ਨਿਗਮ ਦੀ 8 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਤੇ ਕੋਈ ਅਸਰ ਨਹੀਂ ਪਵੇਗਾ ਪਰੰਤੂ ਅੱਜ ਬਦਲਦੇ ਘਟਨਾਚੱਕਰ ਦੌਰਾਨ ਇਸ ਮੀਟਿੰਗ ਨੂੰ 12 ਅਪ੍ਰੈਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਡਿਵੀਜਨਲ ਕਮਿਸ਼ਨਰ ਰੂਪਨਗਰ ਦਾ ਐਡੀਸ਼ਨਲ ਚਾਰਜ ਸੰਭਾਲ ਰਹੇ ਸ੍ਰੀ ਅਨੁਰਾਗ ਵਰਮਾ ਵਲੋਂ ਅੱਜ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਭੇਜ ਕੇ ਇਹ ਮੀਟਿੰਗ 8 ਅਪ੍ਰੈਲ ਦੀ ਥਾਂ 12 ਅਪ੍ਰੈਲ ਨੂੰ ਸਵੇਰੇ 10 ਵਜੇ ਕਰਵਾਉਣ ਲਈ ਕਿਹਾ ਗਿਆ ਹੈ ਜਿਸਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਇਸ ਸੰਬੰਧੀ 12 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਸੰਬੰਧੀ ਏਜੰਡਾ ਜਾਰੀ ਕਰ ਦਿੱਤਾ ਗਿਆ ਹੈ,

ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਕੁਮਾਰ ਗਰਗ ਨੇ 8 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਦੇ ਮੁਲਤਵੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਿਵੀਜਨਲ ਕਮਿਸ਼ਨਰ ਵਲੋਂ 8 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕਰਕੇ ਇਹ ਮੀਟਿੰਗ ਸੋਮਵਾਰ 12 ਅਪ੍ਰੈਲ ਨੂੰ ਸਵੇਰੇ 10 ਕਰਵਾਉਣ ਸੰਬੰਧੀ ਪੱਤਰ ਭੇਜਿਆ ਗਿਆ ਹੈ ਜਿਸਤੇ ਅਮਲ ਕਰਦਿਆਂ ਇਹ ਮੀਟਿੰਗ ਹੁਣ 12 ਅਪ੍ਰੈਲ ਨੂੰ ਕਰਵਾਈ ਜਾਵੇਗੀ ਜਿਸ ਸੰਬਧੀ ਚੁਣੇ ਹੋਏ ਨੁਮਾਇੰਦਿਆਂ ਨੂੰ ਜਾਣਕਾਰੀ ਭੇਜੀ ਜਾ ਰਹੀ ਹੈ।

Leave a Reply

Your email address will not be published. Required fields are marked *