ਨੈਸ਼ਨਲ ਡਿਫੈਂਸ ਕਾਲਜ ਦੇ ਵਫ਼ਦ ਵੱਲੋਂ ਸਮਾਜਿਕ-ਰਾਜਨੀਤਿਕ ਅਧਿਐਨ ਲਈ ਪਟਿਆਲਾ ਦਾ ਦੌਰਾ

ਪਟਿਆਲਾ, 8 ਅਪ੍ਰੈਲ (ਬਿੰਦੂ ਸ਼ਰਮਾ) ਨੈਸ਼ਨਲ ਡਿਫੈਂਸ ਕਾਲਜ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਸਮਾਜਿਕ-ਰਾਜਨੀਤਿਕ ਅਧਿਐਨ ਲਈ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਬ੍ਰਿਗੇਡੀਅਰ ਯਸ਼ ਅਹਿਲਾਵਤ ਦੀ ਅਗਵਾਈ ਹੇਠ ਇਸ 24 ਮੈਂਬਰੀਂ ਵਫ਼ਦ ਵਿੱਚ ਭਾਰਤੀ ਫ਼ੌਜ ਦੇ ਬ੍ਰਿਗੇਡੀਅਰ ਪੱਧਰ ਦੇ 18 ਅਧਿਕਾਰੀਆਂ ਤੋਂ ਇਲਾਵਾ ਯੂ.ਕੇ., ਨਾਇਜੀਰੀਆ, ਇਰਾਨ, ਬੰਗਲਾ ਦੇਸ਼, ਸ੍ਰੀਲੰਕਾ ਅਤੇ ਮਿਆਂਮਾਰ ਦੇ ਉੱਚ ਅਧਿਕਾਰੀ ਵੀ ਸ਼ਾਮਲ ਸਨ।

ਇਸ ਵਫ਼ਦ ਨੇ ਪਟਿਆਲਾ ਦੇ ਇਤਿਹਾਸਕ ਅਤੇ ਰਿਆਸਤੀ ਕਿਲਾ ਮੁਬਾਰਕ ਦਾ ਦੌਰਾ ਕਰਨ ਸਮੇਤ ਭੁੱਨਰਹੇੜੀ ਬਲਾਕ ਦੇ ਮਾਡਲ ਗ੍ਰਾਮ ਪੰਚਾਇਤ ਪਿੰਡ ਦੇਵੀਨਗਰ ਸਵਾਈ ਸਿੰਘ ਵਾਲਾ ਦਾ ਵੀ ਦੌਰਾ ਕਰਕੇ ਪਿੰਡ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ।

ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਵਫ਼ਦ ਵੱਲੋਂ ਜ਼ਿਲ੍ਹੇ ਵਿੱਚ ਸਿਆਸੀ ਅਤੇ ਸਮਾਜਿਕ ਸਰੋਕਾਰਾਂ ਤੋਂ ਇਲਾਵਾ ਸੱਭਿਆਚਾਰਕ ਤੇ ਧਾਰਮਿਕ ਪੱਖਾ ਤੋਂ ਪ੍ਰਸ਼ਾਸਨ, ਸਰਕਾਰ ਤੇ ਅਮਨ-ਕਾਨੂੰਨ ਦੀ ਸਥਿਤੀ ਪਿੰਡ ਪੱਧਰ ਤੇ ਬਰਕਰਾਰ ਰੱਖਣ ਲਈ ਅਧਿਐਨ ਕਰਨ ਵਾਸਤੇ ਇਹ ਦੌਰਾ ਕੀਤਾ ਗਿਆ ਹੈ। ਇਸ ਦੌਰੇ ਦੌਰਾਨ ਵਫ਼ਦ ਦੀ ਸਹਾਇਤਾ ਲਈ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਇੰਦਰ ਵਧਵਾ ਨੂੰ ਤਾਇਨਾਤ ਕੀਤਾ ਗਿਆ ਸੀ।

ਨੈਸ਼ਨਲ ਡਿਫੈਂਸ ਕਾਲਜ ਦੇ ਇਸ ਵਫ਼ਦ ਨੇ ਪਿੰਡ ਦੇਵੀਨਗਰ ਸਵਾਈਸਿੰਘ ਵਾਲਾ ਵਿਖੇ ਇਸ ਪਿੰਡ ਦੀ ਮਾਡਲ ਗ੍ਰਾਮ ਪੰਚਾਇਤ ਦੇ ਕੰਮ ਕਾਜ ਬਾਰੇ ਜਾਣਕਾਰੀ ਲੈਣ ਸਮੇਤ ਪਿੰਡ ਵਿੱਚ ਠੋਸ ਤੇ ਤਰਲ ਕੂੜੇ ਦੇ ਨਿਪਟਾਰੇ ਲਈ ਲਗਾਏ ਗਏ ਪਲਾਂਟ, ਜਲ ਸਪਲਾਈ ਸਕੀਮ, ਸਹਿਕਾਰੀ ਸਭਾ, ਗਲੀਆਂ ਵਿੱਚ ਲਗਾਈਆਂ ਲਾਇਟਾਂ ਅਤੇ ਗਲੀਆਂ ਆਦਿ ਤੋਂ ਇਲਾਵਾ ਪਿੰਡ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਪਿੰਡ ਦੀ ਸਰਪੰਚ ਨਿਰਮਲ ਕੌਰ, ਪੰਚਾਇਤ ਮੈਂਬਰਾਂ ਅਤੇ ਮੋਹਤਬਰਾਂ ਚਰਨਜੀਤ ਸਿੰਘ, ਮੇਹਰ ਸਿੰਘ, ਜਸਬੀਰ ਸਿੰਘ, ਗੁਰਜੀਤ ਕੌਰ, ਪਰਵਿੰਦਰ ਕੌਰ, ਜਸਵਿੰਦਰ ਕੌਰ, ਲਖਮੀਰ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ, ਲਖਬੀਰ ਸਿੰਘ ਅਤੇ ਰੁਪਿੰਦਰ ਸਿੰਘ ਨੇ ਵਫ਼ਦ ਮੈਂਬਰਾਂ ਨੂੰ ਸਨਮਾਨਤ ਕਰਕੇ ਪਿੰਡ ਵਿੱਚ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ।

Leave a Reply

Your email address will not be published. Required fields are marked *