ਕਣਕ ਦੀ ਫਸਲ ਦੀ ਖਰੀਦ ਸਬੰਧੀ ਸਮੁਚੀਆਂ ਤਿਆਰੀਆਂ ਮੁਕੰਮਲ : ਆਸ਼ੂ ਰਾਜ ਦੀਆਂ ਮੰਡੀਆਂ ਵਿੱਚ 130 ਲੱਖ ਮੀ.ਟਨ ਕਣਕ ਆਉਣ ਦੀ ਸੰਭਾਵਨਾ

ਚੰਡੀਗੜ੍ਹ, 8 ਅਪ੍ਰੈਲ (ਸ.ਬ.) ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਸੂਬੇ ਵਿੱਚ 10 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਕਣਕ ਦੀ ਖਰੀਦ ਦੇ ਕੰਮ ਸਬੰਧੀ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਇਸ ਸੀਜ਼ਨ ਦੌਰਾਨ ਭਾਰਤ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਨਿਸ਼ਚਿਤ ਕੀਤੇ ਗਏ ਘੱਟੋ ਘੱਟ ਸਮਰਥਨ ਮੁੱਲ 1975/- ਰੁਪਏ ਤੇਸਮੂਹ ਖਰੀਦ ਏਜੰਸੀਆਂ ਸਮੇਤ ਐਫ. ਸੀ. ਆਈ. ਵੱਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ 130 ਲੱਖ ਮੀ.ਟਨ ਕਣਕ ਆਉਣ ਦੀ ਸੰਭਾਵਨਾ ਹੈ ਜਿਸ ਵਿੱਚੋਂ 8.50 ਲੱਖ ਮੀ.ਟਨ ਕਣਕ ਦੀ ਖਰੀਦ ਪਨਗਰੇਨ ਵੱਲੋਂ ਬਤੌਰ ਨੋਡਲ ਏਜੰਸੀ, ਰਾਜ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਯੋਗ ਲਾਭਪਾਤਰੀਆਂ ਨੂੰ ਵੰਡਣ ਲਈ ਅਤੇ 121.5 ਲੱਖ ਮੀ.ਟਨ ਕਣਕ ਦੀ ਖਰੀਦ ਸੈਂਟਰਲ ਪੂਲ ਅਧੀਨ ਸਮੂਹ ਏਜੰਸੀਆਂ ਭਾਵ ਪਨਗਰੇਨ, ਮਾਰਕਫੈਡ, ਪਨਸਪ, ਵੇਅਰਹਾਊਸ ਅਤੇ ਐਫ.ਸੀ.ਆਈ ਵੱਲੋਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਕਣਕ ਦੀ ਖਰੀਦ ਲਈ ਖਰੀਦ ਕੇਂਦਰਾਂ ਦੀ ਗਿਣਤੀ 1872 ਤੋਂ ਵਧਾ ਕੇ 4000 ਕੀਤੀ ਜਾ ਰਹੀ ਹੈ ਅਤੇ ਲਿਕਿੰਗ ਪਲਾਨ ਅਨੁਸਾਰ ਖਰੀਦ ਏਜੰਸੀਆਂ ਵਿਚਕਾਰ ਅਲਾਟਮੈਂਟ ਕੀਤੀ ਗਈ ਹੈ।

ਸ੍ਰੀ ਆਸ਼ੂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਰੱਬੀ ਸੀਜ਼ਨ 2021-22 ਦੌਰਾਨ ਸੈਂਟਰਲ ਪੂਲ ਲਈ ਕਣਕ ਦੀ ਖਰੀਦ ਕਰਨ ਸਬੰਧੀ ਏਜੰਸੀਆਂ ਵੱਲੋਂ 50 ਕਿਲੋ ਦੀ ਭਰਤੀ ਦੀਆਂ ਨਵੀਆਂ ਜੂਟ/ਐਚ. ਡੀ. ਪੀ. ਈ/ਪੀ. ਪੀ ਬੋਰੀਆਂ ਦਾ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ ਵੰਡੀ ਜਾਣ ਵਾਲੀ ਕਣਕ ਦੀ ਭਰਾਈ ਲਈ ਲੋੜੀਂਦੀਆਂ 30 ਕਿਲੋ ਕਪੈਸਟੀ ਦੀਆਂ ਬੋਰੀਆਂ ਦਾ ਪ੍ਰਬੰਧ ਪਨਗਰੇਨ ਵੱਲੋ ਕੀਤਾ ਗਿਆ ਹੈ। ਇਸ ਪ੍ਰਬੰਧ ਤਹਿਤ ਹਰ ਇਕ ਜਿਲ੍ਹੇ ਵਿਚ ਲੋੜ ਅਨੁਸਾਰ ਬਾਰਦਾਨਾ ਸਪਲਾਈ ਕੀਤਾ ਜਾ ਰਿਹਾ ਹੈ।

ਖੁਰਾਕ ਮੰਤਰੀ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਮੰਡੀ ਬੋਰਡ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ ਟੋਕਨ ਸਿਸਟਮ ਲਾਗੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਵੱਲੋਂ ਮੰਡੀਆਂ ਵਿਚ ਯੋਜਨਾਬੱਧ ਤਰੀਕੇ ਰਾਹੀਂ ਕਣਕ ਲਿਆਂਦੀ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ ਸਖਤੀ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਲਈ ਉਪਰਾਲੇ ਕੀਤੇ ਗਏ ਹਨ, ਜਿਸ ਅਨੁਸਾਰ ਮੰਡੀਆਂ ਵਿੱਚ 2 ਮੀਟਰ ਦਾ ਫਾਸਲਾ ਰੱਖਦੇ ਹੋਏ 30 ਫੁੱਟ ਬਾਈ 30 ਫੁੱਟ ਦੇ ਬੋਕਸ ਬਣਾਏ ਗਏ ਹਨ, ਜਿਨ੍ਹਾਂ ਵਿੱਚ ਹੀ ਕਣਕ ਦੀ ਢੇਰੀ ਉਤਾਰੀ ਜਾਵੇਗੀ। ਸੀਜ਼ਨ ਦੌਰਾਨ ਸਰਕਾਰ ਵੱਲੋਂ ਕਣਕ ਦੀ ਬੋਲੀ ਦਾ ਸਮਾ ਸਵੇਰੇ 10.00 ਵਜੇ ਤੋਂ 6.00 ਵਜੇ ਤੱਕ ਦਾ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾ ਦੱਸਿਆ ਕਿ ਲੇਬਰ/ਢੋਆ ਢੋਆਈ ਦੇ ਠੇਕੇਦਾਰ ਵੱਲੋਂ ਲੇਬਰ ਨੂੰ ਲੋੜੀਂਦੇ ਮਾਸਕ ਮੁਹੱਈਆ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਖਰੀਦ ਏਜੰਸੀਆਂ/ਮੰਡੀ ਬੋਰਡ ਦੇ ਨੁਮਾਇੰਦਿਆ ਵੱਲੋਂ ਮੰਡੀਆਂ ਵਿੱਚ ਕੰਮ ਰਹੀ ਲੇਬਰ ਤੇ ਧਿਆਨ ਰੱਖਿਆ ਜਾਵੇਗਾ ਕਿ ਕਿਸੇ ਨੂੰ ਖੰਘ, ਜੁਕਾਮ ਅਤੇ ਬੁਖਾਰ ਆਦਿ ਨਾ ਹੋਵੇ।

ਸ੍ਰੀ ਆਸ਼ੂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸਮੂਹ ਡਿਪਟੀ ਕਮਿਸ਼ਨਰ, ਪੰਜਾਬ ਰਾਜ ਨੂੰ ਰਾਜ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਸਮੁੱਚੇ ਪ੍ਰਬੰਧ ਕਰਨ ਅਤੇ ਸਰਕਾਰ ਵੱਲੋਂ ਨਿਸ਼ਚਿਤ ਸਮੇਂ ਦੌਰਾਨ ਕਣਕ ਦੀ ਕਟਾਈ ਲਈ ਹਦਾਇਤਾਂ ਜਾਰੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

Leave a Reply

Your email address will not be published. Required fields are marked *