ਜੰਮੂ-ਕਸ਼ਮੀਰ ਵਿੱਚ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਮੇਤ ਦੋ ਅੱਤਵਾਦੀ ਢੇਰ

ਸ਼੍ਰੀਨਗਰ, 19 ਜੁਲਾਈ (ਸ.ਬ.) ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਮੇਤ ਦੋ ਅੱਤਵਾਦੀ ਮਾਰੇ ਗਏ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ੁਫੀਆ ਜਾਣਕਾਰੀ ਮਿਲਣ ਮਗਰੋਂ ਸੁਰੱਖਿਆ ਦਸਤਿਆਂ ਨੇ ਬੀਤੇ ਦਿਨ ਦੱਖਣੀ ਕਸ਼ਮੀਰ ਦੇ ਚੇਕ ਸਾਦਿਕ ਖਾਨ ਇਲਾਕੇ ਵਿੱਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅੱਤਵਾਦੀਆਂ ਦੇ ਸੁਰੱਖਿਆ ਦਸਤਿਆਂ ਤੇ ਗੋਲੀਆਂ ਚਲਾਉਣ ਨਾਲ ਮੁਹਿੰਮ ਮੁਕਾਬਲੇ ਵਿੱਚ ਤਬਦੀਲ ਹੋ ਗਈ।

ਅਧਿਕਾਰੀ ਅਨੁਸਾਰ ਸੁਰੱਖਿਆ ਦਸਤਿਆਂ ਨੇ ਵੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ। ਪੁਲੀਸ ਜਨਰਲ ਡਾਇਰੈਕਟਰ (ਡੀ. ਜੀ. ਪੀ.) ਦਿਲਬਾਗ ਸਿੰਘ ਨੇ ਦੱਸਿਆ ਕਿ ਇਕ ਅੱਤਵਾਦੀ ਦੀ ਪਹਿਚਾਣ ਲਸ਼ਕਰ-ਏ-ਤੋਇਬਾ ਕਮਾਂਡਰ ਇਸ਼ਫਾਕ ਡਾਰ ਉਰਫ ਅਬੂ ਅਕਰਮ ਦੇ ਤੌਰ ਤੇ ਹੋਈ ਹੈ। ਜਿਕਰਯੋਗ ਹੈ ਕਿ ਸਾਲ 2017 ਤੋਂ ਪੁਲੀਸ, ਸੁਰੱਖਿਆ ਦਸਤਿਆਂ ਅਤੇ ਨਾਗਰਿਕਾਂ ਦੇ ਕਤਲ ਸਮੇਤ ਕਈ ਅੱਤਵਾਦੀ ਘਟਨਾਵਾਂ ਵਿੱਚ ਉਸ ਦੀ ਸ਼ਮੂਲੀਅਤ ਰਹੀ ਹੈ। ਦੂਜੇ ਅੱਤਵਾਦੀਆਂ ਦੀ ਪਹਿਚਾਣ ਮਾਜਿਦ ਇਕਬਾਲ ਦੇ ਤੌਰ ਤੇ ਹੋਈ ਹੈ। ਜੰਮੂ-ਕਸ਼ਮੀਰ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਤੀ ਪੂਰੀ ਰਾਤ ਚਲੀ ਮੁਹਿੰਮ ਹੁਣ ਖ਼ਤਮ ਹੋ ਚੁੱਕੀ ਹੈ। ਇਸ ਦੌਰਾਨ ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਏ. ਕੇ ਰਾਈਫ਼ਲਾਂ ਅਤੇ 8 ਮੈਗਜੀਨ ਬਰਾਮਦ ਹੋਈਆਂ ਹਨ।

Leave a Reply

Your email address will not be published. Required fields are marked *