ਨਿੱਜਤਾ ਦੇ ਅਧਿਕਾਰ ਦੀ ਖੁੱਲੀ ਉਲੰਘਣਾ ਹੈ ਫੋਨ ਦੀ ਜਾਸੂਸੀ ਕਰਵਾ ਕੇ ਲੋਕਾਂ ਦੀਆਂ ਨਿੱਜੀ ਗੱਲਾਂ ਸੁਣਨਾ : ਅਖਿਲੇਸ਼ ਯਾਦਵ

ਲਖਨਊ, 20 ਜੁਲਾਈ (ਸ.ਬ.) ਸਮਾਜਵਾਦੀ ਪਾਰਟੀ (ਸਪਾ) ਨੇ ਇਜ਼ਰਾਈਲ ਦੇ ਸਪਾਈਵੇਅਰ ਪੇਗਾਸਸ ਜ਼ਰੀਏ ਜਾਸੂਸੀ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਫੋਨ ਟੈਪ ਕਰਵਾ ਕੇ ਲੋਕਾਂ ਦੀ ਨਿੱਜੀ ਗੱਲਾਂ ਨੂੰ ਸੁਣਨਾ ਨਿੱਜਤਾ ਦੇ ਅਧਿਕਾਰ ਦੀ ਘੋਰ ਉਲੰਘਣਾ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕੀਤਾ ਕਿ ਫੋਨ ਦੀ ਜਾਸੂਸੀ ਕਰਵਾ ਕੇ ਲੋਕਾਂ ਦੀਆਂ ਨਿੱਜੀ ਗੱਲਾਂ ਸੁਣਨਾ ਨਿੱਜਤਾ ਦੇ ਅਧਿਕਾਰ ਦੀ ਘੋਰ ਉਲੰਘਣਾ ਹੈ। ਜੇਕਰ ਇਹ ਕੰਮ ਭਾਜਪਾ ਕਰਵਾ ਰਹੀ ਹੈ ਤਾਂ ਇਹ ਸਜ਼ਾ ਯੋਗ ਹੈ। ਜੇਕਰ ਭਾਜਪਾ ਸਰਕਾਰ ਆਖਦੀ ਹੈ ਕਿ ਉਸ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਤਾਂ ਇਹ ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਉਸ ਦੀ ਨਾਕਾਮੀ ਹੈ। ਫੋਨ ਜਾਸੂਸੀ ਲੋਕਤੰਤਰ ਵਿੱਚ ਇਕ ਅਪਰਾਧ ਹੈ।

ਜ਼ਿਕਰਯੋਗ ਹੈ ਕਿ ਮੀਡੀਆ ਸੰਸਥਾਵਾਂ ਦੇ ਇਕ ਕੌਮਾਂਤਰੀ ਸੰਗਠਨ ਨੇ ਖ਼ੁਲਾਸਾ ਕੀਤਾ ਹੈ ਕਿ ਸਿਰਫ਼ ਸਰਕਾਰੀ ਏਜੰਸੀਆਂ ਨੂੰ ਹੀ ਵੇਚੇ ਜਾਣ ਵਾਲੇ ਇਜ਼ਰਾਈਲ ਦੇ ਜਾਸੂਸੀ ਸਾਫਟਵੇਅਰ ਜ਼ਰੀਏ ਭਾਰਤ ਦੇ ਦੋ ਕੇਂਦਰੀ ਮੰਤਰੀਆਂ, 40 ਤੋਂ ਵੱਧ ਪੱਤਰਕਾਰਾਂ, ਵਿਰੋਧੀ ਧਿਰ ਦੇ 3 ਨੇਤਾਵਾਂ ਅਤੇ ਇਕ ਜੱਜ ਸਮੇਤ ਵੱਡੀ ਗਿਣਤੀ ਵਿਚ ਕਾਰੋਬਾਰੀਆਂ ਅਤੇ ਅਧਿਕਾਰ ਕਾਰਕੁੰਨਾਂ ਦੇ 300 ਤੋਂ ਵਧੇਰੇ ਮੋਬਾਈਲ ਫੋਨ ਹੈਕ ਕੀਤੇ ਗਏ ਹਨ। ਇਸ ਦਰਮਿਆਨ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਪੇਗਾਸਸ ਸਾਫ਼ਟਵੇਅਰ ਜ਼ਰੀਏ ਭਾਰਤੀਆਂ ਦੀ ਜਾਸੂਸੀ ਕਰਨ ਸਬੰਧੀ ਖ਼ਬਰਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ੍ਹਾਂ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕਿਹਾ ਕਿ ਅਜਿਹੇ ਦੋਸ਼ ਭਾਰਤੀ ਲੋਕਤੰਤਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ।

ਜਿਕਰਯੋਗ ਹੈ ਇਹ ਸਰਵਿਲਾਂਸ ਸਾਫ਼ਟਵੇਅਰ ਹੈ ਜਿਸ ਨੂੰ ਇਜ਼ਰਾਈਲ ਦੀ ਸੁਰੱਖਿਆ ਕੰਪਨੀ ਐੱਨ. ਐੱਸ. ਓ. ਗਰੁੱਪ ਨੇ ਬਣਾਇਆ ਹੈ। ਇਸ ਦੇ ਜ਼ਰੀਏ ਕਿਸੇ ਵਿਅਕਤੀ ਦਾ ਫੋਨ ਹੈਕ ਕਰ ਕੇ ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਸ ਸਾਫ਼ਟਵੇਅਰ ਨੂੰ ਬਣਾਉਣ ਵਾਲੀ ਕੰਪਨੀ ਐੱਨ. ਐੱਸ. ਓ. ਦਾ ਗਠਨ 2009 ਵਿੱਚ ਹੋਇਆ ਸੀ ਅਤੇ ਇਹ ਇਕ ਉਨਤ ਨਿਗਰਾਨੀ ਟੂਲ ਬਣਾਉਂਦੀ ਹੈ। ਦੁਨੀਆ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਇਸ ਦੀ ਗ੍ਰਾਹਕ ਹਨ।

Leave a Reply

Your email address will not be published. Required fields are marked *