ਯੂ. ਕੇ. ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਘਟਾਉਣ ਲਈ ਫਰਾਂਸ ਨਾਲ 54 ਮਿਲੀਅਨ ਪੌਂਡ ਦਾ ਸਮਝੌਤਾ

ਲੰਡਨ, 21 ਜੁਲਾਈ (ਸ.ਬ.) ਯੂ. ਕੇ. ਵਿੱਚ ਹਰ ਸਾਲ ਸਮੁੰਦਰ ਰਸਤੇ ਖਾਸਕਰ ਫਰਾਂਸ ਜਰੀਏ ਸੈਂਕੜੇ ਲੋਕ ਗੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਹਨ। ਇਹਨਾਂ ਗੈਰ ਕਾਨੂੰਨੀ ਵੱਧ ਰਹੇ ਦਾਖਲਿਆਂ ਨੂੰ ਰੋਕਣ ਲਈ ਯੂਕੇ ਸਰਕਾਰ ਵੱਲੋਂ ਫਰਾਂਸ ਸਰਕਾਰ ਨਾਲ 54 ਮਿਲੀਅਨ ਪੌਂਡ ਦਾ ਇੱਕ ਸਮਝੌਤਾ ਕੀਤਾ ਗਿਆ ਹੈ। ਗ੍ਰਹਿ ਸਕੱਤਰ ਪ੍ਰੀਤੀ ਪਟੇਲ ਦੁਆਰਾ ਫਰਾਂਸ ਨਾਲ ਹੋਏ ਇਸ ਸਮਝੌਤੇ ਤਹਿਤ ਸਮੁੰਦਰੀ ਚੈਨਲ ਵਿੱਚ ਅਧਿਕਾਰੀਆਂ ਦੀ ਨਿਗਰਾਨੀ ਨੂੰ ਵਧਾ ਕੇ ਚੈਨਲ ਨੂੰ ਪਾਰ ਕਰਨ ਵਾਲੇ ਪ੍ਰਵਾਸੀਆਂ ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ।

ਗ੍ਰਹਿ ਸਕੱਤਰ ਨੇ ਫਰਾਂਸ ਦੇ ਗ੍ਰਹਿ ਮੰਤਰੀ ਜੈਰਲਡ ਡਰਮੈਨਿਨ ਨਾਲ ਨਵੇਂ ਯੂਕੇ-ਫਰਾਂਸ ਸਹਿਯੋਗ ਸਮਝੌਤੇ ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ‘ਜੋ ਕਿ ਆਉਣ ਵਾਲੇ ਦਿਨਾਂ ਵਿੱਚ ਲਾਗੂ ਹੋ ਜਾਵੇਗਾ’ ਦੇ ਤਹਿਤ ਫ੍ਰੈਂਚ ਬੀਚਾਂ ਤੇ ਗਸ਼ਤ ਕਰ ਰਹੇ ਪੁਲੀਸ ਅਧਿਕਾਰੀਆਂ ਦੀ ਗਿਣਤੀ ਦੁਗਣੀ ਕੀਤੀ ਜਾਵੇਗੀ ਅਤੇ ਵਾਧੂ ਨਿਗਰਾਨੀ ਕਰਨ ਲਈ ਸਮੁੰਦਰੀ ਤੱਟਾਂ ਤੇ ਨਵੀਂ ਤਕਨਾਲੋਜੀ ਵੀ ਵਰਤੀ ਜਾਵੇਗੀ। ਇਸ ਤੋਂ ਇਲਾਵਾ ਅਧਿਕਾਰੀ ਬੋਲੋਨ ਅਤੇ ਡਨਕਿਰਕ ਦੇ ਵਿਚਕਾਰ ਉੱਤਰੀ ਫਰਾਂਸ ਦੇ ਪਾਰ ਸਮੁੰਦਰੀ ਦੇ ਵਿਸ਼ਾਲ ਖੇਤਰਾਂ ਅਤੇ ਡਾਇਪੇ ਦੇ ਆਸ ਪਾਸ ਉੱਤਰ ਪੱਛਮ ਵਿੱਚ ਵੀ ਗਸ਼ਤ ਕਰਨਗੇ।

ਜ਼ਿਕਰਯੋਗ ਹੈ ਕਿ ਚੈਨਲ ਨੂੰ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣੀ ਹੈ। ਯੂ. ਕੇ. ਸਰਕਾਰ ਦੇ ਅੰਕੜਿਆਂ ਅਨੁਸਾਰ 20 ਜੁਲਾਈ ਨੂੰ ਯੂ. ਕੇ. ਵਿੱਚ ਤਕਰੀਬਨ 430 ਗੈਰ ਕਾਨੂੰਨੀ ਪ੍ਰਵਾਸੀ ਸਮੁੰਦਰ ਰਾਸਤੇ ਆਏ ਹਨ ਜੋ ਇੱਕ ਦਿਨ ਦੀ ਗਿਣਤੀ ਦਾ ਨਵਾਂ ਰਿਕਾਰਡ ਹੈ।

Leave a Reply

Your email address will not be published. Required fields are marked *