ਚੀਨ ਵਿੱਚ ਭਾਰੀ ਮੀਂਹ ਅਤੇ ਹੜ੍ਹ ਦੇ ਕਾਰਨ 12 ਵਿਅਕਤੀਆਂ ਦੀ ਮੌਤ

ਬੀਜਿੰਗ, 21 ਜੁਲਾਈ (ਸ.ਬ.) ਚੀਨ ਦੇ ਮੱਧ ਹੇਨਾਨ ਸੂਬੇ ਵਿੱਚ ਹੜ੍ਹ ਸੰਬੰਧੀ ਘਟਨਾਵਾਂ ਵਿੱਚ 12 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਕਰੀਬ 1 ਲੱਖ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਹੇਨਾਨ ਦੇ ਸੂਬਾਈ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਝੇਂਗਝੋਊ ਵਿੱਚ ਬੀਤੀ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਰਿਕਾਰਡ 201.9 ਮਿਲੀਮੀਟਰ ਮੀਂਹ ਪਿਆ।

ਝੇਂਗਝੇਊ ਨਗਰ ਕੇਂਦਰ ਵਿੱਚ 24 ਘੰਟੇ ਵਿੱਚ ਔਸਤਨ 457.5 ਮਿਲੀਮੀਟਰ ਮੀਂਹ ਪਿਆ। ਮੌਸਮ ਸੰਬੰਧੀ ਰਿਕਾਰਡ ਰੱਖੇ ਜਾਣ ਦੇ ਬਾਅਦ ਤੋਂ ਇਹ ਇਕ ਦਿਨ ਵਿੱਚ ਹੁਣ ਤੱਕ ਪਿਆ ਸਭ ਤੋਂ ਵੱਧ ਮੀਂਹ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੜ੍ਹ ਸੰਬੰਧੀ ਹਾਦਸਿਆਂ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ 1 ਲੱਖ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਕਈ ਥਾਵਾਂ ਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਵਿਚ ਆਵਾਜਾਈ ਠੱਪ ਪੈ ਗਈ। 80 ਤੋਂ ਵੱਧ ਬੱਸਾਂ ਦੀਆਂ ਸੇਵਾਵਾਂ ਰੱਦ ਕਰਨੀਆਂ ਪਈਆਂ, 100 ਤੋਂ ਵੱਧ ਦੇ ਰਸਤੇ ਬਦਲੇ ਗਏ ਅਤੇ ਸਬਵੇਅ ਸੇਵਾਵਾਂ ਵੀ ਅਸਥਾਈ ਤੌਰ ਤੇ ਬੰਦ ਕਰ ਦਿੱਤੀਆਂ ਗਈਆਂ ਹਨ।

ਮੀਂਹ ਦਾ ਪਾਣੀ ਸ਼ਹਿਰ ਦੀ ਲਾਈਨ ਫਾਈਵ ਦੀ ਸਬਵੇਅ ਸੁਰੰਗ ਵਿੱਚ ਦਾਖਲ ਹੋ ਗਿਆ ਜਿਸ ਨਾਲ ਇਕ ਟਰੇਨ ਵਿੱਚ ਕਈ ਯਾਤਰੀ ਫਸ ਗਏ। ਪੁਲੀਸ ਅਧਿਕਾਰੀ, ਦਮਕਲ ਕਰਮੀ ਅਤੇ ਹੋਰ ਸਥਾਨਕ ਡਿਪਟੀ ਜ਼ਿਲ੍ਹਾ ਕਰਮੀ ਮੌਕੇ ਤੇ ਬਚਾਅ ਕੰਮ ਵਿੱਚ ਜੁਟੇ ਹਨ। ਸਬਵੇਅ ਵਿੱਚ ਪਾਣੀ ਘੱਟ ਹੋ ਰਿਹਾ ਹੈ ਅਤੇ ਯਾਤਰੀ ਫਿਲਹਾਲ ਸੁਰੱਖਿਅਤ ਹਨ। ਝੇਂਗਝੋਉਡੋਂਗ ਰੇਲਵੇ ਸਟੇਸ਼ਨ ਵਿੱਚ 160 ਤੋਂ ਵੱਧ ਟਰੇਨਾਂ ਰੋਕੀਆਂ ਗਈਆਂ ਹਨ। ਝੇਂਗਝੋਊ ਦੇ ਹਵਾਈ ਅੱਡੇ ਤੇ ਸ਼ਹਿਰ ਆਉਣ ਜਾਣ ਵਾਲੀਆਂ 260 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਇਸ ਦੌਰਾਨ ਸਥਾਨਕ ਰੇਲਵੇ ਅਧਿਕਾਰੀਆਂ ਨੇ ਵੀ ਕੁਝ ਟਰੇਨਾਂ ਨੂੰ ਰੋਕ ਦਿੱਤਾ ਹੈ ਜਾਂ ਉਹਨਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਹੈ। ਹਨੇਰੀ ਤੂਫਾਨ ਨਾਲ ਪ੍ਰਭਾਵਿਤ ਸ਼ਹਿਰ ਵਿੱਚ ਕੁਝ ਥਾਵਾਂ ਤੇ ਬਿਜਲੀ ਅਤੇ ਪਾਣੀ ਦੀਆਂ ਸੇਵਾਵਾਂ ਵੀ ਬੰਦ ਹਨ। ਹੇਨਾਨ ਸੂਬਾਈ ਅਤੇ ਝੋਂਗਝੋਊ ਨਗਰਪਾਲਿਕਾ ਮੌਸਮ ਵਿਗਿਆਨ ਬਿਊਰੋ ਨੇ ਮੌਸਮ ਸੰਬੰਧੀ ਆਫ਼ਤਾਂ ਲਈ ਐਮਰਜੈਂਸੀ ਪ੍ਰਤੀਕਿਰਿਆ ਦਾ ਪੱਧਰ ਵਧਾ ਕੇ ਇਕ ਕਰ ਦਿੱਤਾ ਹੈ। ਹੇਨਾਨ ਵਿੱਚ ਅੱਜ ਰਾਤ ਤੱਕ ਭਾਰੀ ਮੀਂਹ ਪੈਂਦੇ ਰਹਿਣ ਦਾ ਅਨੁਮਾਨ ਹੈ।

Leave a Reply

Your email address will not be published. Required fields are marked *