ਖਰੜ ਵਿਚ ਘੁੰਮ ਰਹੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹਲ ਕਰੇ ਪ੍ਰਸ਼ਾਸ਼ਨ : ਨਰਿੰਦਰ ਰਾਣਾ

cਖਰੜ, 21 ਜੁਲਾਈ (ਸ਼ਮਿੰਦਰ ਸਿੰਘ) ਖਰੜ ਦੇ ਸਮਾਜਸੇਵੀ ਆਗੂ ਨਰਿੰਦਰ ਰਾਣਾ ਨੇ ਖਰੜ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਖਰੜ ਵਿਚ ਘੁੰਮ ਰਹੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹਲ ਕੀਤਾ ਜਾਵੇ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਆਮ ਲੋਕਾਂ ਤੋਂ ਹਰ ਸਾਲ ਕਰੋੜਾਂ ਰੁਪਏ ਦਾ ਗਊ ਟੈਕਸ ਵਸੂਲਣ ਦੇ ਬਾਵਜੂਦ ਇਹ ਸਮੱਸਿਆ ਹਲ ਨਹੀਂ ਹੋ ਰਹੀ ਹੈ ਕਿਉਂਕਿ ਗਊ ਟੈਕਸ ਵਸੂਲਣ ਦੇ ਬਾਵਜੂਦ ਨਿਗਮਾਂ ਅਤੇ ਕਮੇਟੀਆਂ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜਣ ਵਿੱਚ ਜਿਆਦਾ ਦਿਲਚਸਪੀ ਨਹੀਂ ਲੈ ਰਹੀਆਂ ਹਨ।

ਉਹਨਾਂ ਕਿਹਾ ਕਿ ਇਹਨਾਂ ਆਵਾਰਾ ਪਸ਼ੂਆਂ ਕਾਰਨ ਹਰ ਸਾਲ ਪੰਜਾਬ ਦੇ ਕਿਸਾਨਾਂ ਦੀਆਂ ਕਰੋੜਾਂ ਰੁਪਏ ਦੀਆਂ ਫਸਲਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ ਬਲਕਿ ਲੋਕ ਸੜਕਾਂ ਤੇ ਬੇਖੌਫ ਘੁੰਮ ਰਹੇ ਆਵਾਰਾ ਪਸ਼ੂਆਂ ਕਰਕੇ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਰਹੇ ਹਨ।

ਉਹਨਾਂ ਕਿਹਾ ਕਿ 2015 ਵਿੱਚ ਪੰਜਾਬ ਵਿੱਚ ਗਊ ਟੈਕਸ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਨਵੀਆਂ ਗੱਡੀਆਂ ਦੀ ਵਿਕਰੀ ਤੇ 1000 ਰੁਪਏ ਅਤੇ ਦੋ ਪਹੀਆ ਵਾਹਨ ਲਈ 200 ਰੁਪਏ ਗਊ ਟੈਕਸ ਵਸੂਲੀ ਫੀਸ ਤੈਅ ਕੀਤੀ ਸੀ ਤੇ ਇਸੇ ਤਰ੍ਹਾਂ ਅੰਗਰੇਜ਼ੀ ਸ਼ਰਾਬ ਦੀ ਬੋਤਲ ਤੇ 10 ਰੁਪਏ, ਦੇਸ਼ੀ ਸ਼ਰਾਬ ਤੇ 5 ਰੁਪਏ, ਏ ਸੀ ਮੈਰਿਜ ਪੈਲੇਸ ਵਿਚ ਸਮਾਗਮ ਕਰਨ ਲਈ 1000 ਰੁਪਏ, ਬਿਨਾਂ ਏ ਸੀ ਹਾਲ ਵਿਚ ਸਮਾਗਮ ਦੇ 500 ਰੁਪਏ, ਤੇਲ ਟੈਂਕਰ ਤੋਂ 100 ਰੁਪਏ, ਸੀਮੈਂਟ ਬੋਰੀ ਤੇ 1 ਰੁਪਏ ਤੇ 2 ਪੈਸੇ ਬਿਜਲੀ ਦੇ ਪ੍ਰਤੀ ਯੂਨਿਟ ਮੁਤਾਬਿਕ ਪੰਜਾਬ ਦੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਤਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਕਰੋੜਾਂ ਰੁਪਏ ਦਾ ਗਊ ਟੈਕਸ ਤਾਂ ਵਸੂਲ ਕੀਤਾ ਹੈ ਪਰ ਇਹ ਟੈਕਸ ਬਹੁਤ ਸਾਰੀਆਂ ਨਿਗਮਾਂ ਅਤੇ ਕਮੇਟੀਆਂ ਨੂੰ ਨਹੀਂ ਭੇਜਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ 90 ਹਜਾਰ ਦੇ ਕਰੀਬ ਆਵਾਰਾ ਪਸ਼ੂ ਸੜਕਾਂ ਤੇ ਘੁੰਮ ਰਹੇ ਹਨ ਅਤੇ ਹਰ ਸਾਲ ਅੰਦਾਜ਼ਨ 150 ਵਿਅਕਤੀ ਹਾਦਸਿਆਂ ਵਿਚ ਆਪਣੀਆਂ ਜਾਨਾਂ ਗੁਆਉਂਦੇ ਹਨ। ਇਹਨਾਂ ਹਾਦਸਿਆਂ ਵਿੱਚ ਆਵਾਰਾ ਪਸ਼ੂ ਵੀ ਮਾਰੇ ਜਾਂਦੇ ਹਨ। ਉਹਨਾਂ ਮੰਗ ਕੀਤੀ ਕਿ ਇਹ ਟੈਕਸ ਨਿਗਮਾਂ ਅਤੇ ਕਮੇਟੀਆਂ ਨੂੰ ਦਿੱਤਾ ਜਾਵੇ ਤਾਂ ਜੋ ਇਸ ਸਮੱਸਿਆ ਦੇ ਹਲ ਲਈ ਪ੍ਰਭਾਵੀ ਤਰੀਕੇ ਨਾਲ ਕੰਮ ਕੀਤਾ ਜਾ ਸਕੇ।

Leave a Reply

Your email address will not be published. Required fields are marked *