ਮਾਰਕੀਟ ਕਮੇਟੀ ਖਰੜ ਅਧੀਨ ਆਉਂਦੀਆਂ ਪੇਂਡੂ ਲਿੰਕ ਸੜਕਾਂ ਦੀ ਤਕਰੀਬਨ 14 ਕਰੋੜ ਨਾਲ ਕਾਇਆ ਕਲਪ ਜਾਰੀ: ਬਲਬੀਰ ਸਿੱਧੂ

ਐਸ.ਏ.ਐਸ.ਨਗਰ, 21 ਜੁਲਾਈ (ਸ.ਬ.) ਕਿਸੇ ਵੀ ਖਿੱਤੇ ਦੇ ਵਿਕਾਸ ਲਈ ਚੰਗੀਆਂ ਸੜਕਾਂ ਦਾ ਹੋਣਾ ਲਾਜ਼ਮੀ ਹੈ, ਜਿਸ ਦੇ ਮੱਦੇਨਜ਼ਰ ਹਲਕਾ ਮੁਹਾਲੀ ਦੀਆਂ ਸੜਕਾਂ ਖਾਸ ਕਰ ਕੇ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਵਿਕਾਸ ਪਹਿਲ ਦੇ ਆਧਾਰ ਉਤੇ ਕਰਵਾਇਆ ਗਿਆ ਹੈ ਤੇ ਰਹਿੰਦੀਆਂ ਸੜਕਾਂ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਇਸੇ ਤਹਿਤ ਹਲਕਾ ਮੁਹਾਲੀ ਤੇ ਮਾਰਕੀਟ ਕਮੇਟੀ ਖਰੜ ਅਧੀਨ ਆਉਂਦੀਆਂ ਪੇਂਡੂ ਲਿੰਕ ਸੜਕਾਂ ਦੀ ਵਿਸ਼ੇਸ਼ ਰਿਪੇਅਰ ਤਹਿਤ ਕਾਇਆ ਕਲਪ ਉਤੇ 8 ਕਰੋੜ 70 ਲੱਖ ਰੁਪਏ ਖਰਚੇ ਜਾ ਰਹੇ ਹਨ। ਇਸ ਦੇ ਨਾਲ ਨਾਲ 5 ਕਰੋੜ 23 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਕਾਇਆ ਕਲਪ ਲਈ ਟੈਂਡਰ ਲੱਗ ਚੁੱਕੇ ਹਨ।

ਇਹ ਜਾਣਕਾਰੀ ਦਿੰਦਿਆਂ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਜਿਨ੍ਹਾਂ ਪੇਂਡੂ ਲਿੰਕ ਸੜਕਾਂ ਦੀ ਰਿਪੇਅਰ ਤਕਰੀਬਨ 8 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਦਾਊਂ ਤੋਂ ਹੁਸੈਨਪੁਰ ਲਿੰਕ ਰੋਡ, ਝਿਊਰਹੇੜੀ ਤੋਂ ਅਲੀਪੁਰ, ਬਨੂੜ ਰੋਡ ਤੋਂ ਤੰਗੋਰੀ, ਕੁਰੜਾ, ਬਾੜੀ ਰੋਡ, ਸੇਖਨਮਾਜਰਾ-ਕੁਰੜਾ, ਦੁਰਾਲੀ ਤੋਂ ਸਨੇਟਾ, ਚਾਓਮਾਜਰਾ-ਬਾਕਰਪੁਰ ਝੁੰਗੀਆਂ ਸਮੇਤ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ, ਧੀਰਪੁਰ ਤੋਂ ਗੋਬਿੰਗੜ੍ਹ, ਸਨੇਟਾ ਫਿਰਨੀ, ਪਿੰਡ ਬਾੜੀ ਦੀ ਫਿਰਨੀ, ਬਾਕਰਪੁਰ ਤੋਂ ਗੁਰਦੁਆਰਾ ਸਾਹਿਬ, ਸਹੌੜਾ-ਸੈਦਪੁਰ-ਗਿੱਦੜਪੁਰ-ਚਡਿਆਲਾ ਰੋਡ, ਪਿੰਡ ਸਿਆਓ ਦੀ ਫਿਰਨੀ ਅਤੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ, ਬਾਕਰਪੁਰ ਤੋਂ ਰੁੜਕਾ, ਪਿੰਡ ਨਡਿਆਲੀ ਦੀ ਫਿਰਨੀ, ਪਿੰਡ ਚਾਓ ਮਾਜਰਾ ਦੀ ਫਿਰਨੀ, ਪਿੰਡ ਜਗਤਪੁਰਾ ਤੋਂ ਕੰਡਿਆਲਾ ਤੋਂ ਨਡਿਆਲੀ, ਸਫੀਪੁਰ ਤੋਂ ਬਾਕਰਪੁਰ ਤੱਕ ਦੀ ਸੜਕ, ਦੈੜੀ ਤੋਂ ਚਾਓ ਮਾਜਰਾ, ਪਿੰਡ ਭਾਗੋਮਾਜਰਾ ਸਕੂਲ ਦੀ ਪਹੁੰਚ ਸੜਕ, ਨਾਨੂੰ ਮਾਜਰਾ ਤੋਂ ਗੁਰਦੁਆਰਾ ਸਾਹਿਬ ਤੱਕ ਦੀ ਸੜਕ, ਸ਼ਿਆਮਪੁਰ ਫਿਰਨੀ, ਢੇਲਪੁਰ ਤੋਂ ਗੋਬਿੰਦਗੜ੍ਹ, ਚੱਪੜਚਿੜੀ ਖੁਰਦ ਤੋਂ ਚੱਪੜਚਿੜੀ ਕਲਾਂ, ਢੇਲਪੁਰ ਪਹੁੰਚ ਸੜਕ, ਮੁਹਾਲੀ ਤੋਂ ਚੱਪੜਚਿੜੀ ਕਲਾਂ, ਚੱਪੜਚਿੜੀ ਕਲਾਂ ਤੋਂ ਸੈਕਟਰ 91 ਐਸ.ਏ.ਐਸ. ਨਗਰ, ਗੁਡਾਣਾ ਸ਼ਮਸ਼ਾਨਘਾਟ ਸੜਕ, ਬਠਲਾਣਾ ਸ਼ਮਸ਼ਾਨਘਾਟ ਸੜਕ ਅਤੇ ਜੰਡਪੁਰ ਤੋਂ ਠਸਕਾ ਰੋਡ ਸ਼ਾਮਲ ਹਨ, ਜਿਨ੍ਹਾਂ ਦੀ ਲੰਬਾਈ ਕਰੀਬ 43 ਕਿਲੋਮੀਟਰ ਬਣਦੀ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਜਿਹੜੀਆਂ ਸੜਕਾਂ ਦੀ ਕਾਇਆ ਕਲਪ ਲਈ ਟੈਂਡਰ ਹੋ ਚੁੱਕੇ ਹਨ ਤੇ ਕੰਮ ਛੇਤੀ ਸ਼ੁਰੂ ਹੋਣ ਵਾਲਾ ਹੈ, ਉਨ੍ਹਾਂ ਵਿੱਚ ਧਰਮਗੜ੍ਹ ਤੋਂ ਸਫੀਪੁਰ ਲਿੰਕ ਰੋਡ, ਚਡਿਆਲਾ ਤੋਂ ਗੋਬਿੰਦਗੜ੍ਹ ਲਿੰਕ ਸੜਕ, ਗੁਡਾਣਾ ਤੋਂ ਬਾਬਾ ਪੀਰ-ਬਠਲਾਣਾਂ ਲਿੰਕ ਸੜਕ, ਪਹੁੰਚ ਸੜਕ ਪਿੰਡ ਬਠਲਾਣਾਂ, ਤੰਗੋਰੀ ਤੋਂ ਮਾਣਕਪੁਰ ਕੱਲਰ ਲਿੰਕ ਸੜਕ, ਪ੍ਰੇਮਗੜ੍ਹ ਸੇਣੀ ਮਾਜਰਾ ਤੋਂ ਮਾਣਕਪੁਰ ਕੱਲਰ ਲਿੰਕ ਸੜਕ, ਮਨੌਲੀ ਤੋਂ ਦੁਰਾਲੀ ਲਿੰਕ ਸੜਕ, ਬਾਕਰਪੁਰ-ਮਟਰਾਂ-ਸਿਓ-ਪੱਤੋਂ-ਮਾਣਕਪੁਰ ਕੱਲਰ ਲਿੰਕ ਸੜਕ, ਸਨੇਟਾ-ਗੋਬਿੰਦਗੜ੍ਹ-ਸਾਮਪੁਰ-ਰਾਏਪੁਰ ਲਿੰਕ ਸੜਕ, ਧਰਮਗੜ੍ਹ-ਕੰਬਾਲੀ ਰੇਲਵੇ ਬ੍ਰਿਜ ਲਿੰਕ ਸੜਕ, ਫਿਰਨੀ ਪਿੰਡ ਸੇਖਣਮਾਜਰਾ ਲਿੰਕ ਸੜਕ ਅਤੇ ਕੰਬਾਲਾ-ਰੁੜਕ-ਧਰਮਗੜ੍ਹ-ਕੰਡਿਆਲਾ ਲਿੰਕ ਸੜਕ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਲੰਬਾਈ ਤਕਰੀਬਨ 35.42 ਕਿਲੋਮੀਟਰ ਬਣਦੀ ਹੈ। ਇਸ ਤੋਂ ਇਲਾਵਾ ਲਾਂਡਰਾਂ ਟੀ ਪੁਆਇੰਟ ਵਾਲੇ ਜਾਮ ਤੋਂ ਨਿਜਾਤ ਦਿਵਾਉਣ ਲਈ 27 ਕਰੋੜ ਰੁਪਏ ਦੀ ਲਾਗਤ ਨਾਲ ਲਾਂਡਰਾਂ ਚੌਕ ਵਿਖੇ ਨਵੀਂ ਸੜਕਾਂ ਕੱਢੀਆਂ ਗਈਆਂ ਹਨ।

ਉਹਨਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਦੈੜੀ ਤੋਂ ਨਗਾਰੀ ਬਾਇਆ ਗੀਗੇਮਾਜਰਾ, ਮਿੱਢੇਮਾਜਰਾ ਅੱਗੇ ਗੱਜੂਖੇੜਾ ਤੇ ਰਾਜਪੁਰਾ ਤੱਕ ਦੀ ਸੜਕ ਅਤੇ ਸਨੇਟਾ ਤੋਂ ਗੁਡਾਣਾ ਬਾਇਆ ਅਬਰਾਮਾਂ, ਢੇਲਪੁਰ, ਤਸੌਲੀ, ਮਾਣਕਪੁਰ ਹੁੰਦੀ ਹੋਈ ਗੱਜੂਖੇੜਾ ਤੇ ਅੱਗੇ ਰਾਜਪੁਰੇ ਨੂੰ ਜਾਂਦੀਆਂ ਸੜਕਾਂ ਨੂੰ 11 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰ ਕੇ ਕਾਇਆ ਕਲਪ ਕੀਤੀ ਗਈ ਹੈ।

ਸ. ਸਿੱਧੂ ਨੇ ਕਿਹਾ ਕਿ ਇਨ੍ਹਾਂ ਸੜਕਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਨ੍ਹਾਂ ਸੜਕਾਂ ਸਬੰਧੀ ਕੰਮ ਤੈਅ ਸਮੇਂ ਉਤੇ ਪੂਰਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ ਦੇ ਮਿਆਰ ਸਬੰਧੀ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ. ਸਿੱਧੂ ਨੇ ਕਿਹਾ ਕਿ ਹਲਕੇ ਦੇ ਵਿਕਾਸ ਵਿੱਚ ਕਿਸੇ ਕਿਸਮ ਦੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਹਲਕੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਵਾਲੇ ਵੱਡੀ ਗਿਣਤੀ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਤੇ ਰਹਿੰਦਿਆਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ, ਜੋ ਕਿ ਛੇਤੀ ਮੁਕੰਮਲ ਕਰ ਲਏ ਜਾਣਗੇ।

ਇਸ ਮੌਕੇ ਸਿਹਤ ਮੰਤਰੀ ਸ. ਸਿੱਧੂ ਨੇ ਆਪਣੇ ਸਿਆਸੀ ਸਕੱਤਰ ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ ਨੂੰ ਵੀ ਕਿਹਾ ਕਿ ਉਪਰਕੋਤ ਸੜਕਾਂ ਵਿੱਚੋਂ ਬਹੁਗਿਣਤੀ ਮਾਰਕਿਟ ਕਮੇਟੀ ਖਰੜ ਅਧੀਨ ਆਉਂਦੀਆਂ ਹਨ। ਇਸ ਲਈ ਸ਼੍ਰੀ ਸ਼ਰਮਾ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਤਾਂ ਜੋ ਮਿਆਰੀ ਸੜਕਾਂ ਦੇ ਨਿਰਮਾਣ ਨਾਲ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲ ਸਕਣ। ਇਸ ਸਬੰਧੀ ਸ਼੍ਰੀ ਸ਼ਰਮਾ ਨੇ ਕਿਹਾ ਕਿ ਉਹ ਇਨ੍ਹਾਂ ਪ੍ਰੋਜੈਕਟਾਂ ਦੀ ਨਿਗਰਾਨੀ ਖੁਦ ਕਰਨਗੇ ਤੇ ਲੋਕਾਂ ਨੂੰ ਮਿਆਰੀ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

Leave a Reply

Your email address will not be published. Required fields are marked *