25 ਜੁਲਾਈ ਤਕ ਜਾਰੀ ਰਹੇਗੀ ਡੀ ਸੀ ਦਫਤਰ ਕਰਮਚਾਰੀਆਂ ਦੀ ਹੜਤਾਲ

ਐਸ ਏ ਐਸ ਨਗਰ, 22 ਜੁਲਾਈ (ਅਮਰਜੀਤ ਰਤਨ) ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਸਮੁੱਚੇ ਪੰਜਾਬ ਵਿੱਚ ਡੀ.ਸੀ. ਦਫਤਰਾਂ, ਐਸ. ਡੀ. ਐਮ. ਦਫਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਕਲਮ ਛੋੜ ਹੜਤਾਲ ਰਹਿਣ ਕਾਰਨ ਮੁਕੰਮਲ ਕੰਮ-ਕਾਜ ਠੱਪ ਰਿਹਾ। ਇਹ ਹੜਤਾਲ 25 ਜੁਲਾਈ ਤੱਕ ਜਾਰੀ ਰਹੇਗੀ।

ਡੀ ਸੀ ਦਫਤਰ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਸੀ. ਦਫਤਰ ਕਾਮੇ ਆਪਣੀਆਂ ਵਿਭਾਗੀ ਦਿੱਤੀ ਅਤੇ ਗੈਰ ਵਿੱਤੀ ਮੰਗਾਂ ਦੇ ਨਾਲ ਨਾਲ ਸਾਂਝੀਆਂ ਮੰਗਾਂ ਵਿੱਚ ਸ਼ਾਮਿਲ ਛੇਵੇਂ ਤਨਖਾਹ ਕਮਿਸ਼ਨ ਦੀ ਸੋਧੀ ਰਿਪੋਰਟ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਸਟੈਨੋ ਕਾਡਰ ਦੀਆਂ ਮੰਗਾਂ ਅਤੇ ਹੋਰਨਾਂ ਸਾਂਝੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਬੀਤੀ 16 ਨੂੰ ਬਠਿੰਡਾ ਵਿਖੇ ਵੱਡੀ ਰੋਸ ਰੈਲੀ, ਰੋਸ ਮਾਰਚ ਕਰਨ ਅਤੇ ਵਿੱਤ ਮੰਤਰੀ, ਪੰਜਾਬ ਦੇ ਦਫਤਰ ਦਾ ਘੇਰਾਓ ਕਰਨ ਬਾਦ ਵੀ ਪੰਜਾਬ ਸਰਕਾਰ ਦੀ ਨੀਂਦ ਨਹੀਂ ਖੁੱਲ੍ਹੀ ਹੈ। ਮੁਲਾਜ਼ਮ ਮੰਗਾਂ ਤੇ ਕੋਈ ਸੁਹਿਰਦ ਪਹੁੰਚ ਅਪਨਾਉਣ ਦੀ ਬਜਾਏ ਵਿੱਤ ਮੰਤਰੀ, ਪੰਜਾਬ ਦੇ ਇਸ਼ਾਰੇ ਤੇ ਜਿਲ੍ਹਾ ਪ੍ਰਸਾਸ਼ਨ, ਬਠਿੰਡਾ ਵੱਲੋਂ ਮੰਗ ਪੱਤਰ ਵੀ ਲੈਣਾ ਵਾਜਿਬ ਨਹੀਂ ਸਮਝਿਆ ਗਿਆ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਇਸ ਦੇ ਵਜ਼ੀਰ ਆਪਣੀਆਂ ਕੁਰਸੀਆਂ ਬਚਾਉਣ ਦੇ ਚੱਕਰ ਵਿੱਚ ਮੁਲਾਜ਼ਮ ਮੰਗਾਂ ਅਤੇ ਸੰਘਰਸ਼ਾਂ ਤੋਂ ਕਿਨਾਰਾ ਕਰ ਗਏ ਹਨ। ਇਸ ਕਾਰਨ ਮੁਲਾਜ਼ਮ ਮੰਗਾਂ ਤੇ ਕਮੇਟੀ ਆਫ ਆਫੀਸਰਜ਼ ਦੀ ਕਮੇਟੀ ਆਫ ਮਨਿਸਟਰਜ਼ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ, ਜਿਸ ਵਿੱਚ ਛੇਵੇਂ ਤਨਖਾਹ ਕਮਿਸ਼ਨ ਦੀ ਲਾਗੂ ਕੀਤੀ ਮੁਲਾਜ਼ਮ ਵਿਰੋਧੀ ਰਿਪੋਰਟ ਤੋਂ ਉਤਪੰਨ ਹੋਏ ਹਾਲਾਤਾਂ ਅਤੇ ਮੁਲਾਜ਼ਮਾਂ ਦੇ ਹਿੱਤ ਵਿਚਾਰੇ ਜਾਣੇ ਸਨ।

ਆਗੂਆਂ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਅਤੇ ਮੁਲਾਜ਼ਮ ਹਿਤੈਸ਼ੀ ਹਨ ਤਾਂ 31 ਜੁਲਾਈ ਤੱਕ ਆਪਣੀ ਪਾਰਟੀ ਦੀ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਨਹੀਂ ਤਾਂ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਵਾਂਗ ਮੁਲਾਜਮਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

Leave a Reply

Your email address will not be published. Required fields are marked *