ਇੰਡੋਨੇਸ਼ੀਆ ਵਿੱਚ ਕੋਰੋਨਾ ਕਾਰਨ ਇੱਕ ਹਫ਼ਤੇ ਵਿੱਚ 100 ਤੋਂ ਵੱਧ ਬੱਚਿਆਂ ਦੀ ਮੌਤ

ਜਕਾਰਤਾ, 26 ਜੁਲਾਈ (ਸ.ਬ.) ਕੋਰੋਨਾ ਦੀ ਤੀਜੀ ਲਹਿਰ ਦੁਨੀਆਂ ਵਿੱਚ ਇਕ ਵਾਰ ਫਿਰ ਤਬਾਹੀ ਮਚਾ ਰਹੀ ਹੈ। ਮਾਹਿਰਾਂ ਨੇ ਵੀ ਇਸ ਸੰਬੰਧੀ ਚਿਤਾਵਨੀ ਜਾਰੀ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਤੀਜੀ ਲਹਿਰ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਤੇ ਦੇਖਣ ਨੂੰ ਮਿਲੇਗਾ। ਇਹ ਗੱਲ ਇੰਡੋਨੇਸ਼ੀਆ ਵਿੱਚ ਸੱਚ ਸਾਬਤ ਹੁੰਦੀ ਦਿਸ ਰਹੀ ਹੈ। ਇੱਥੇ ਕੋਰੋਨਾ ਵਾਇਰਸ ਨਾਲ ਸੈਂਕੜੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚੋਂ ਕਈ ਬੱਚਿਆਂ ਦੀ ਉਮਰ 5 ਸਾਲ ਤੋਂ ਵੀ ਘੱਟ ਸੀ। ਇੱਥੇ ਸਿਰਫ ਇਕ ਹਫ਼ਤੇ ਵਿੱਚ 100 ਤੋਂ ਵੱਧ ਮਾਸੂਮਾਂ ਦੀ ਮੌਤ ਹੋ ਗਈ।

ਇੰਡੋਨੇਸ਼ੀਆ ਵਿੱਚ ਇਸ ਮਹੀਨੇ ਦੇ ਇਕ ਹਫ਼ਤੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ। ਇੰਡੋਨੇਸ਼ੀਆ ਵਿੱਚ ਫਿਲਹਾਲ ਕੋਰੋਨਾ ਆਪਣੇ ਸਿਖਰ ਤੇ ਹੈ। ਇੱਥੇ ਕੋਰੋਨਾ ਹੁਣ ਬੱਚਿਆਂ ਤੇ ਆਪਣਾ ਕਹਿਰ ਵਰ੍ਹਾ ਰਿਹਾ ਹੈ। ਇੰਡੋਨੇਸ਼ੀਆਂ ਵਿੱਚ 23 ਜੁਲਾਈ ਨੂੰ ਲੱਗਭਗ 50 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਅਤੇ 1,566 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇੰਡੋਨੇਸ਼ੀਆ ਵਿੱਚ ਬਾਲ ਰੋਗ ਮਾਹਰਾਂ ਦੀ ਰਿਪੋਰਟ ਦੇ ਆਧਾਰ ਤੇ ਦੇਸ਼ ਦੇ ਕੁੱਲ ਮਾਮਲਿਆਂ ਵਿੱਚ 12.5 ਫੀਸਦੀ ਮਾਮਲੇ ਬੱਚਿਆਂ ਦੇ ਹਨ। ਇਹ ਪਿਛਲੇ ਮਹੀਨੇ ਦੀ ਤੁਲਨਾ ਵਿੱਚ ਜ਼ਿਆਦਾ ਹਨ। ਇਕੱਲੇ 12 ਜੁਲਾਈ ਦੇ ਹਫ਼ਤੇ ਦੌਰਾਨ ਕੋਰੋਨਾ ਨਾਲ 150 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ ਇਹਨਾਂ ਵਿੱਚੋਂ ਲੱਗਭਗ ਅੱਧੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਸਨ। ਕੁੱਲ ਮਿਲਾ ਕੇ ਇੰਡੋਨੇਸ਼ੀਆ ਵਿੱਚ 3 ਲੱਖ ਤੋਂ ਵੱਧ ਮਾਮਲੇ ਅਤੇ 83,000 ਮੌਤਾਂ ਹੋਈਆਂ।

ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇੰਡੋਨੇਸ਼ੀਆ ਵਿੱਚ 18 ਸਾਲ ਤੋਂ ਘੱਟ ਉਮਰ ਦੇ 800 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਮੌਤਾਂ ਪਿਛਲੇ ਮਹੀਨੇ ਹੋਈਆਂ ਹਨ। ਇੱਥੇ ਹਸਪਤਾਲ ਆਪਣੀ ਸਮਰੱਥਾ ਤੋਂ ਵੱਧ ਭਰੇ ਪਏ ਹਨ। ਕੋਰੋਨਾ ਨਾਲ ਜੂਝ ਰਹੇ ਬੱਚਿਆਂ ਲਈ ਵੱਖਰੇ ਹਸਪਤਾਲ ਸਥਾਪਿਤ ਕੀਤੇ ਗਏ ਹਨ। ਲੱਗਭਗ ਦੋ ਤਿਹਾਈ ਕੋਰੋਨਾ ਪੀੜਤ ਲੋਕ ਕੁਆਰੰਟੀਨ ਵਿੱਚ ਹਨ ਜਿਸ ਨਾਲ ਬੱਚਿਆਂ ਦੇ ਪੀੜਤ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ।

Leave a Reply

Your email address will not be published.