ਸਿਖਿਆ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਜੀ.ਟੀ. ਯੂ ਦੇ ਸਾਬਕਾ ਜਰਨਲ ਸਕੱਤਰ ਸੁੱਚਾ ਸਿੰਘ ਖੱਟੜਾ ਅਤੇ ਸਾਬਕਾ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਐਸ ਏ ਐਸ ਨਗਰ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਦੇ ਕਲਰਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਨ ਦੀ ਕਾਰਵਾਈ ਉੱਤੇ ਤਸੱਲੀ ਪ੍ਰਗਟਾਉਂਦਿਆਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀ ਅਖੀਰੀ ਕੜੀ ਦਾ ਪਤਾ ਲਗਾ ਕੇ ਉਸਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਫੜੇ ਗਏ ਕਲਰਕ ਦੀਆਂ ਜਿਨ੍ਹਾਂ ਜਾਇਦਾਦਾਂ ਦਾ ਪਤਾ ਲਗਾਇਆ ਗਿਆ ਹੈ ਉਹ ਤਾਂ ਸਭ ਦੇ ਸਾਹਮਣੇ ਹਨ, ਪਰੰਤੂ ਅਸਲ ਖੋਜ ਤਾਂ ਉੱਪਰ ਤੱਕ ਦੀਆਂ ਉਹਨਾਂ ਕੜੀਆਂ ਤੱਕ ਪਹੁੰਚਣ ਵਿੱਚ ਹੋਵੇਗੀ ਜਿਨ੍ਹਾਂ ਦੇ ਸਿਰ ਤੇ ਇਹ ਕਲਰਕ ਬੇਖੌਫ ਅਪਣਾ ਧੰਦਾ ਚਲਾਉਂਦਾ ਰਿਹਾ। ਉਹਨਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਬਕਾਇਆਂ ਸਬੰਧੀ ਸਾਫ਼ ਹਦਾਇਤਾਂ ਅਤੇ ਮੋਨੀਟਰਿੰਗ ਦੇ ਬਾਵਜੂਦ ਪ੍ਰਿਤਪਾਲ ਦਾ ਇਨ੍ਹਾਂ ਹੱਦਾਂ ਤੱਕ ਪਹੁੰਚਣਾ ਦੱਸਦਾ ਹੈ ਕਿ ਉੱਪਰਲੇ ਦਫਤਰਾਂ ਵਿੱਚ ਇਸ ਦਾ ਨੈਟਵਰਕ ਹੈ, ਜਿਹੜਾ ਇਸ ਧੰਦੇ ਵਿੱਚ ਬਰਾਬਰ ਸ਼ਾਮਿਲ ਹੈ।

ਆਗੂਆਂ ਨੇ ਆਸ ਜਾਹਿਰ ਕੀਤੀ ਕਿ ਵਿਜੀਲੈਂਸ ਦੇ ਜਾਂਚ ਅਧਿਕਾਰੀ ਸਿੱਖਿਆ ਵਿਭਾਗ ਦੇ ਉਹਨਾਂ ਸਭ ਡੱਡੂ ਮੱਛੀਆਂ ਨੂੰ ਫੜ ਕੇ ਕਾਨੂੰਨ ਅੱਗੇ ਪੇਸ਼ ਕਰਣਗੇ ਜਿਹੜੇ ਸਿੱਖਿਆ ਵਿਭਾਗ ਦਾ ਅਕਸ ਖਰਾਬ ਕਰਨ ਦੀਆਂ ਇਹਨਾਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।

Leave a Reply

Your email address will not be published. Required fields are marked *