ਡੀ.ਸੀ. ਦਫਤਰ ਕਾਮਿਆਂ ਵੱਲੋਂ ਮੰਗਾਂ ਦੀ ਪ੍ਰਾਪਤੀ ਅਤੇ ਪੁਨਰਗਠਨ ਵਿਰੁੱਧ ਰੋਸ ਪ੍ਰਗਟ ਕਰਨ ਲਈ 2 ਅਤੇ 3 ਅਗਸਤ ਨੂੰ ਕਲਮ ਛੋੜ ਹੜਤਾਲ ਦਾ ਨੋਟਿਸ 4 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਕਾਂਗੜ ਵਿਖੇ ਹੋਵੇਗੀ ਸੂਬਾ ਪੱਧਰੀ ਰੋਸ ਰੈਲੀ

ਐਸ. ਏ. ਐਸ. ਨਗਰ, 26 ਜੁਲਾਈ (ਸ.ਬ.) ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਸਰਕਾਰ ਨੂੰ 2 ਅਤੇ 3 ਅਗਸਤ ਨੂੰ ਕਲਮ ਛੋੜ ਹੜਤਾਲ ਕਰਨ ਦਾ ਨੋਟਿਸ ਦਿੰਦਿਆਂ ਐਲਾਨ ਕੀਤਾ ਹੈ ਕਿ ਕਰਮਚਾਰੀ 4 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਕਾਂਗੜ (ਬਠਿੰਡਾ) ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨਗੇ।

ਯੂਨੀਅਨ ਦੇ ਸੂਬਾ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਫੈਸਲਾ ਬੀਤੇ ਦਿਨ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਸੂਬਾ ਅਹੁਦੇਦਾਰਾਂ ਅਤੇ ਜਿਲ੍ਹਾ ਅਹੁਦੇਦਾਰਾਂ ਦੀ ਆਨ ਲਾਈਨ ਮੀਟਿੰਗ ਦੌਰਾਨ ਕੀਤਾ ਗਿਆ ਸੀ ਜਿਸ ਵਿੰਚ ਮੰਗਾਂ ਦੇ ਪੂਰਾ ਹੋਣ ਤਕ ਸੰਘਰਸ਼ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾਈ ਅਤੇ ਜਿਲ੍ਹਾ ਅਹੁਦੇਦਾਰਾਂ ਦੇ ਵਿਚਾਰਾਂ ਬਾਅਦ ਬਹੁਮਤ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਸਾਂਝੀਆਂ ਮੰਗਾਂ ਤੇ ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਵੱਲੋਂ 29 ਜੁਲਾਈ ਦੀ ਪਟਿਆਲਾ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਵਿੱਚ ਸ਼ਮੂਲੀਅਤ ਕਰਨ ਦੇ ਲਏ ਗਏ ਫੈਸਲੇ ਅਨੁਸਾਰ ਡੀ. ਸੀ. ਦਫ਼ਤਰਾਂ ਦੇ ਮੁਲਾਜ਼ਮ ਵੀ 29 ਜੁਲਾਈ ਨੂੰ ਛੁੱਟੀ ਲੈ ਕੇ ਜ਼ਿਲ੍ਹਾ ਵਾਈਜ਼ ਲਾਏ ਕੋਟੇ ਅਨੁਸਾਰ ਸ਼ਾਮਿਲ ਹੋਣਗੇ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗੀ ਮੰਗਾਂ ਸਬੰਧੀ ਸਰਕਾਰ ਨੂੰ ਨੋਟਿਸ ਦੇ ਕੇ ਮੰਗ ਕੀਤੀ ਗਈ ਹੈ ਕਿ ਉਹ ਇਸ ਹਫਤੇ ਵਿੱਚ ਮੰਗਾਂ ਦੀ ਪੂਰਤੀ ਕੀਤੇ ਜਾਣ ਸਬੰਧੀ ਕਾਰਗੁਜ਼ਾਰੀ ਦਿਖਾਵੇ, ਨਹੀਂ ਤਾਂ ਡੀ. ਸੀ. ਦਫ਼ਤਰ ਕਾਮੇ ਮੁੜ 2 ਅਤੇ 3 ਅਗੱਸਤ ਨੂੰ ਕਲਮ-ਛੋੜ ਹੜਤਾਲ ਕਰਕੇ ਮੁਕੰਮਲ ਕੰਮ ਠੱਪ ਕਰਨਗੇ ਅਤੇ ਜੇਕਰ ਫਿਰ ਵੀ ਸਰਕਾਰ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 4 ਅਗਸਤ ਨੂੰ ਡੀ. ਸੀ. ਦਫਤਰਾਂ, ਐਸ. ਡੀ. ਐਮ. ਦਫ਼ਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਕੰਮ ਕਰਦੇ ਸਮੂਹ ਕਾਮੇ ਸਮੂਹਿਕ ਛੁੱਟੀ ਲੈਣਗੇ ਅਤੇ ਮਾਲ ਮੰਤਰੀ, ਪੰਜਾਬ ਦੇ ਰਿਹਾਇਸ਼ੀ ਸ਼ਹਿਰ ਕਾਂਗੜ (ਜਿਲ੍ਹਾ ਬਠਿੰਡਾ) ਵਿਖੇ ਸੂਬਾ ਪੱਧਰੀ ਰੋਸ ਰੈਲੀ ਵਿੱਚ ਸ਼ਾਮਿਲ ਹੋਣਗੇ। ਜਿਥੇ ਰੋਸ ਰੈਲੀ ਕਰਨ ਉਪਰੰਤ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਮਾਲ ਮੰਤਰੀ, ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

Leave a Reply

Your email address will not be published. Required fields are marked *