ਡੀ ਸੀ ਦੇ ਹੁਕਮਾਂ ਦੇ ਬਾਵਜੂਣ ਖੁੱਲੇਆਮ ਹੋ ਰਹੀ ਹੈ ਖਾਣ ਪੀਣ ਦੀਆਂ ਗੈਰਮਿਆਰੀ ਚੀਜਾਂ ਦੀ ਵਿਕਰੀ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਸਾਵਣ ਮਹੀਨੇ ਦੌਰਾਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਹਰ ਦਿਨ ਕਦੇ ਹਲਕੀ ਫੁਹਾਰ ਪੈ ਜਾਂਦੀ ਹੈ ਅਤੇ ਫਿਰ ਤੇਜ ਧੁੱਪ ਨਿਕਲ ਆਉਂਦੀ ਹੈ। ਅਜਿਹੇ ਮੌਸਮ ਵਿਚ ਵੱਡੀ ਗਿਣਤੀ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਘੁੰਮਦੇ ਹੋਏ ਮੌਸਮ ਦਾ ਆਨੰਦ ਮਾਣਦੇ ਹਨ ਅਤੇ ਅਕਸਰ ਲੋਕ ਮਾਰਕੀਟਾਂ ਵਿਚ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਤੋਂ ਇਹ ਸਾਮਾਨ ਖਰੀਦ ਕੇ ਖਾ ਪੀ ਲੈਂਦੇ ਹਨ। ਹਾਲਾਂਕਿ ਲੋਕ ਖੁਦ ਵੀ ਇਹ ਜਾਣਦੇ ਹਨ ਕਿ ਖਾਣ ਪੀਣ ਦੀਆਂ ਅਜਿਹੀਆਂ ਰੇਹੜੀਆਂ ਉਪਰ ਖਾਣ ਪੀਣ ਦਾ ਜਿਹੜਾ ਸਾਮਾਨ ਵੇਚਿਆ ਜਾਂਦਾ ਹੈ, ਉਹ ਗੈਰ ਮਿਆਰੀ ਹੁੰਦਾ ਹੈ ਪਰ ਸਸਤੇ ਦੇ ਲਾਲਚ ਵਿਚ ਆਮ ਲੋਕ ਇਹਨਾਂ ਰੇਹੜੀਆਂ ਫੜੀਆਂ ਤੋਂ ਖਰੀਦ ਕੇ ਖਾਂਦੇ ਰਹਿੰਦੇ ਹਨ, ਜਿਸ ਕਾਰਨ ਬਰਸਾਤ ਦੇ ਮੌਸਮ ਕਾਰਨ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ।

ਇਸ ਸੰਬੰਧੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਕੁੱਝ ਸਮਾਂ ਪਹਿਲਾਂ ਖੁੱਲੇ ਵਿੱਚ ਪਕਾਏ ਜਾਣ ਵਾਲੇ ਹਰ ਤਰ੍ਹਾਂ ਦੇ ਸਾਮਾਨ, ਕੱਟੇ ਫਲ, ਬੰਟੇ ਵਾਲੀਆਂ ਬੋਤਲਾਂ ਅਤੇ ਅਜਿਹਾ ਹਰ ਤਰ੍ਹਾਂ ਦਾ ਗੈਰ ਮਿਆਰੀ ਸਾਮਾਨ ਵੇਚਣ ਦੀ ਕਾਰਵਾਈ ਤੇ ਰੋਕ ਦੇ ਹੁਕਮ ਜਾਰੀ ਕੀਤੇ ਸਨ ਪਰੰਤੂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਣ ਅਜਿਹਾ ਹਰ ਤਰ੍ਹਾਂ ਦਾ ਸਾਮਾਨ ਖੁੱਲੇ ਆਮ ਵੇਚਿਆ ਜਾਂਦਾ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।

ਬਰਸਾਤ ਦੇ ਮੌਸਮ ਵਿੱਚ ਵਾਤਾਵਰਨ ਵਿੱਚ ਹੁੰਮਸ ਵਿੱਚ ਹੋਏ ਵਾਧੇ ਕਾਰਨ ਵੱਖ ਵੱਖ ਬਿਮਾਰੀਆਂ ਦੇ ਕੀਟਾਣੂਆਂ ਨੂੰ ਪਨਪਨ ਲਈ ਉਪਯੁਕਤ ਮਾਹੌਲ ਮਿਲਦਾ ਹੈ ਜਦੋਂਕਿ ਇਸ ਮੌਸਮ ਕਾਰਨ ਮਨੁੱਖ ਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਘੱਟ ਹੋ ਜਾਂਦੀ ਹੈ ਇਸ ਲਈ ਉਸਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਅਜਿਹੀਆਂ ਰੇਹੜੀਆਂ ਫੜੀਆਂ ਤੇ ਵਿਕਣ ਵਾਲਾ ਇਹ ਸਾਮਾਨ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਹੋਰ ਵੀ ਵਧਾ ਦਿੱਦਾ ਹੈ। ਇਸ ਮੌਸਮ ਵਿੱਚ ਸਿਆਣੇ ਲੋਕ ਬਹੁਤ ਸੋਚ ਸਮਝ ਕੇ ਖਾਣ ਪੀਣ ਦੇ ਸਮਾਨ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ ਅਤੇ ਬਾਜਾਰ ਵਿੱਚ ਵਿਕਣ ਵਾਲੇ ਸਮਾਨ ਤੋਂ ਪਰਹੇਜ ਰੱਖਣ ਲਈ ਕਹਿੰਦੇ ਹਨ ਪਰੰਤੂ ਆਮ ਲੋਕ ਸਸਤੇ ਅਤੇ ਜਲਦੀ ਖਾਣੇ ਦੇ ਲਾਲਚ ਵਿਚ ਰੇਹੜੀਆਂ ਫੜੀਆਂ ਉਪਰ ਵਿਕਦੇ ਛੋਲੇ ਭਟੂਰੇ, ਨਾਨ, ਨੂਡਲਜ, ਮੋਮੋਜ, ਸਪਰਿੰਗ ਰੋਲ, ਟਿੱਕੀਆਂ, ਬਰਗਰ , ਕੁਲਚੇ ਅਤੇ ਹੋਰ ਸਮਾਨ ਖਰੀਦ ਕੇ ਖਾਂਦੇ ਰਹਿੰਦੇ ਹਨ, ਜਿਸ ਕਾਰਨ ਉਹਨਾਂ ਦੇ ਕਈ ਕਿਸਮ ਦੀਆਂ ਬਿਮਾਰੀਆਂ ਦੀ ਲਪੇਟ ਵਿਚ ਆਉਣ ਦਾ ਖਤਰਾ ਬਣ ਜਾਂਦਾ ਹੈ।

ਇਸ ਸੰਬੰਧੀ ਸਮਾਜਸੇਵੀ ਆਗੂ ਪ੍ਰਦੀਪ ਸਿੰਘ ਭਾਰਜ ਨੇ ਮੰਗ ਕੀਤੀ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਖੁੱਲੇਆਮ ਵਿਕਦੇ ਖਾਣ ਪੀਣ ਦੇ ਗੈਰ ਮਿਆਰੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਈ ਜਾਵੇ ਅਤੇ ਗੈਰ ਮਿਆਰੀ ਸਾਮਾਨ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *