ਮੁਹਾਲੀ ਸ਼ਹਿਰ ਨੂੰ ਬਣਾਇਆ ਜਾਵੇਗਾ ਕੂੜਾ ਮੁਕਤ ਸ਼ਹਿਰ : ਅਮਰਜੀਤ ਸਿੰਘ ਜੀਤੀ ਸਿੱਧੂ 4 ਕਰੋੜ 35 ਲੱਖ ਦੇ ਖਰਚੇ ਨਾਲ ਮਿਲੇਗੀ ਡੰਪਿੰਗ ਗਰਾਊਂਡ ਤੋਂ ਨਿਜਾਤ

ਐਸ. ਏ. ਐਸ. ਨਗਰ, 26 ਜੁਲਾਈ (ਸ.ਬ.) ਨਗਰ ਨਿਗਮ ਵਲੋਂ ਮੁਹਾਲੀ ਨੂੰ ਕੂੜਾ ਮੁਕਤ ਸ਼ਹਿਰ ਬਣਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਨਗਰ ਨਿਗਮ ਵਲੋਂ ਮੁਹਾਲੀ ਦੇ ਡੰਪਿੰਗ ਗਰਾਊਂਡ ਨੂੰ ਪੂਰੀ ਤਰ੍ਹਾਂ ਲੈਵਲ ਕੀਤਾ ਜਾਣਾ ਹੈ ਅਤੇ ਇੱਥੇ ਪਏ ਮਣਾਂ ਮੂੰਹੀਂ ਕੂੜੇ ਨੂੰ ਸੈਗ੍ਰੀਗੇਟ ਕਰਕੇ ਇਸ ਨੂੰ ਜ਼ਮੀਨ ਪੱਧਰ ਤੇ ਲੈਵਲ ਕੀਤਾ ਜਾਣਾ ਹੈ ਜਿਸਤੇ ਨਗਰ ਨਿਗਮ ਚਾਰ ਕਰੋੜ ਪੈਂਤੀ ਲੱਖ ਰੁਪਏ ਖਰਚ ਕਰੇਗੀ।

ਇਸ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਡੰਪਿੰਗ ਗਰਾਊਂਡ ਦੇ ਇਸ ਇਲਾਕੇ ਵਿੱਚ ਨਾ ਸਿਰਫ਼ ਵੱਡੀ ਗਿਣਤੀ ਸਨਅਤਾਂ ਹਨ ਸਗੋਂ ਕੁਝ ਰਿਹਾਇਸ਼ੀ ਖੇਤਰ ਵੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਖੇਤਰ ਦੇ ਲੋਕਾਂ ਦੀ ਇਹ ਮੰਗ ਸੀ ਕਿ ਇਸ ਡੰਪਿੰਗ ਗਰਾਊਂਡ ਨੂੰ ਇੱਥੋਂ ਸ਼ਿਫਟ ਕਰਵਾਇਆ ਜਾਵੇ ਕਿਉਂਕਿ ਇਹ ਬਹੁਤ ਜ਼ਿਆਦਾ ਮੁਸ਼ਕ ਵੀ ਮਾਰਦਾ ਹੈ ਕਈ ਵਾਰ ਇੱਥੇ ਅੱਗ ਲੱਗਣ ਦੀ ਘਟਨਾ ਵੀ ਹੁੰਦੀ ਹੈ ਅਤੇ ਇਸ ਸ਼ਹਿਰ ਦੀ ਦਿੱਖ ਨੂੰ ਪੂਰੀ ਤਰ੍ਹਾਂ ਬਰਬਾਦ ਕਰਦਾ ਹੈ। ਇਸ ਲਈ ਨਿਗਮ ਵਲੋਂ ਇਹ ਪ੍ਰੋਜੈਕਟ ਆਰੰਭ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਹਾਜ਼ਰ ਸਨ। ਉਹਨਾਂ ਕਿਹਾ ਕਿ ਸਨਅਤਕਾਰਾਂ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਇਸ ਡੰਪਿੰਗ ਗਰਾਊਂਡ ਕਰਕੇ ਉਨ੍ਹਾਂ ਨੂੰ ਆਪਣੀਆਂ ਸਨਅਤਾਂ ਵਾਸਤੇ ਕਰਮਚਾਰੀ ਤੱਕ ਨਹੀਂ ਮਿਲਦੇ ਤੇ ਨਾ ਹੀ ਇੱਥੇ ਇਨਵੈਸਟਰ ਆਉਣ ਦਾ ਹੌਸਲਾ ਕਰਦਾ ਹੈ।

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇੱਥੇ ਸਾਲ ਭਰ ਲਗਾਤਾਰ ਮਸ਼ੀਨਾਂ ਨਾਲ ਕਾਰਵਾਈ ਕਰਕੇ ਕੂੜੇ ਨੂੰ ਸੈਗ੍ਰੀਗੇਟ ਕਰਕੇ ਇੱਥੋਂ ਪਲਾਸਟਿਕ ਆਦਿ ਕੰਪਨੀ ਸ਼ਿਫਟ ਕਰ ਦੇਵੇਗੀ ਅਤੇ ਬਾਕੀ ਬਚਦੇ ਮਲਬੇ ਅਤੇ ਮਿੱਟੀ ਨੂੰ ਲੋਅ ਲਾਈਂਗ ਖੇਤਰ ਵਿੱਚ ਭਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੂਰੇ ਡੰਪਿੰਗ ਗਰਾਊਂਡ ਨੂੰ ਪੂਰੀ ਤਰ੍ਹਾਂ ਪੱਧਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਹੁਣ ਕਈ ਖੇਤਰਾਂ ਵਿਚ ਚੰਡੀਗੜ੍ਹ ਤੋਂ ਕਿਤੇ ਅੱਗੇ ਨਿਕਲਦਾ ਜਾ ਰਿਹਾ ਹੈ ਅਤੇ ਕੂੜੇ ਦਾ ਪ੍ਰਬੰਧ ਕਰਨ ਦੇ ਮਾਮਲੇ ਵਿਚ ਵੀ ਚੰਡੀਗੜ੍ਹ ਤੋਂ ਇਕ ਚੌਥਾਈ ਘੱਟ ਖ਼ਰਚੇ ਤੇ ਇਹ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਤੋਂ ਕਿਤੇ ਜ਼ਿਆਦਾ ਰਕਮ ਖਰਚ ਕਰਨ ਦੇ ਬਾਵਜੂਦ ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਕੂੜੇ ਦੇ ਰੱਖ ਰਖਾਓ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੁੰਦਾ ਰਿਹਾ ਹੈ ਜਦੋਂ ਕਿ ਮੁਹਾਲੀ ਵਿੱਚ ਇਕ ਸਾਲ ਦੇ ਅੰਦਰ ਇਸ ਸਮੱਸਿਆ ਦਾ ਹੱਲ ਕੱਢ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਮੁਹਾਲੀ ਦੇ ਸਨਅਤੀ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਅਤੇ ਇਸ ਪੂਰੇ ਖੇਤਰ ਨੂੰ ਜੰਗਲੀ ਬੂਟੀ ਤੋਂ ਮੁਕਤ ਕੀਤਾ ਜਾਵੇਗਾ ਇਥੇ ਸੜਕਾਂ ਦੀ ਮੁਰੰਮਤ ਦੇ ਨਾਲ ਨਾਲ ਜਿੱਥੇ ਨਵੀਆਂ ਸੜਕਾਂ ਦੀ ਲੋੜ ਹੋਵੇਗੀ ਉੱਥੇ ਨਵੀਂਆਂ ਸੜਕਾਂ ਵੀ ਬਣਾਈਆਂ ਜਾਣਗੀਆਂ।

ਇਸ ਮੌਕੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ, ਮੁਹਾਲੀ ਨਿਗਮ ਦੇ ਅਧਿਕਾਰੀ ਅਤੇ ਠੇਕੇਦਾਰ ਕੰਪਨੀ ਦੇ ਨੁਮਾਇੰਦੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *