ਡੇਂਗੂ ਦੇ ਵਧਦੇ ਕੇਸਾਂ ਸੰਬੰਧੀ ਮੇਅਰ ਨੇ ਕੀਤੀ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ, ਫੌਰੀ ਤੌਰ ਤੇ ਫੌਗਿੰਗ ਵਧਾਉਣ ਦੇ ਨਿਰਦੇਸ਼ ਅਧਿਕਾਰੀਆਂ ਦੀ ਤੈਅ ਹੋਵੇਗੀ ਜਵਾਬਦੇਹੀ, ਲੋਕਾਂ ਨੂੰ ਆਪਣਾਂ ਆਲਾ ਦੁਆਲ ਸਾਫ ਰੱਖਣ ਦੀ ਅਪੀਲ

ਐਸ ਏ ਐਸ ਨਗਰ, 22 ਸਤੰਬਰ (ਸ.ਬ.) ਮੁਹਾਲੀ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਦੇ ਮੱਦੇਨਜ਼ਰ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇਕ ਹੰਗਾਮੀ ਮੀਟਿੰਗ ਕੀਤੀ ਤੇ ਫੌਰੀ ਤੌਰ ਤੇ ਪ੍ਰਭਾਵਿਤ ਖੇਤਰਾਂ ਸਮੇਤ ਪੂਰੇ ਮੁਹਾਲੀ ਵਿੱਚ ਫੌਗਿੰਗ ਵਧਾਉਣ ਵਾਸਤੇ ਕਿਹਾ ਹੈ। ਮੀਟਿੰਗ ਵਿਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਕਮਿਸ਼ਨਰ ਕਮਲ ਗਰਗ ਵੀ ਹਾਜ਼ਰ ਸਨ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤਾਂ ਦੇ ਮੌਸਮ ਕਰਕੇ ਮੱਛਰ ਪੈਦਾ ਹੋਇਆ ਹੈ ਜਿਸ ਨਾਲ ਮੱਛਰਾਂ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਮੱਛਰ ਮਾਰ ਦਵਾਈ ਦਾ ਸਪਰੇਅ ਅਤੇ ਫੌਗਿੰਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਨਿਗਮ ਅਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਫੇਜ਼ ਸੱਤ ਦੇ ਪ੍ਰਭਾਵਿਤ ਖੇਤਰ ਵਿੱਚ ਫੌਗਿੰਗ ਲਈ ਰਵਾਨਾ ਕੀਤੀਆਂ ਗਈਆਂ ਹਨ ਅਤੇ ਫੌਗਿੰਗ ਫੌਰੀ ਤੌਰ ਤੇ ਸ਼ੁਰੂ ਕਰਵਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਫੇਜ਼ 7 ਦੇ ਪ੍ਰਭਾਵਤ ਖੇਤਰ ਵਿੱਚ ਲਗਪਗ ਸਾਢੇ ਤਿੰਨ ਸੌ ਘਰਾਂ ਵਿੱਚ ਜਾਂਚ ਕਰਵਾਈ ਗਈ ਹੈ ਜਿਸ ਦੌਰਾਨ 35 ਘਰਾਂ ਦੇ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮੌਕੇ ਸਮੂਹ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦੇ ਆਲੇ ਦੁਆਲੇ ਨੂੰ ਸਾਫ਼ ਰੱਖਣ ਅਤੇ ਕਿਸੇ ਵੀ ਤਰ੍ਹਾਂ ਕੂਲਰਾਂ ਵਿੱਚ ਜਾਂ ਗਮਲਿਆਂ ਵਿਚ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਕਾਰਵਾਈ ਕਰ ਰਹੀ ਹੈ ਪਰ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ।

ਇਸ ਮੌਕੇ ਜਾਇੰਟ ਕਮਿਸ਼ਨਰ ਹਰਜੀਤ ਸਿੰਘ ਢਿੱਲੋਂ ਮੈਡੀਕਲ ਅਫਸਰ ਡਾ ਤਮੰਨਾ ਸਮੂਹ ਚੀਫ ਸੈਨਟਰੀ ਇੰਸਪੈਕਟਰ ਤੇ ਸੈਨੇਟਰੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *