ਸਾਬਕਾ ਫੌਜੀਆਂ ਨੂੰ ਮਿਲਦੀਆਂ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਲਈ ਕਾਰਵਾਈ ਕਰੇ ਵਿਭਾਗ : ਕਰਨਲ ਸੋਹੀ ਡਾਇਰੈਕਟਰ ਈਸੀਐਚਐਸ ਅਤੇ ਡਾਇਰੈਕਟਰ ਆਰਮੀ ਵੈਟਰਨ ਸੈਲ ਨੂੰ ਲਿਖਿਆ ਪੱਤਰ

ਐਸ ਏ ਐਸ ਨਗਰ, 20 ਅਕਤੂਬਰ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫਟੀਨੈਂਟ ਕਰਨਲ ਐਸ ਐਸ ਸੋਹੀ (ਸੇਵਾਮੁਕਤ) ਨੇ ਸਾਬਕਾ ਫੌਜੀਆਂ ਨੂੰ ਮਿਲਦੀਆਂ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਰਨਲ ਸੋਹੀ ਨੇ ਡਾਇਰੈਕਟਰ ਈ ਸੀ ਐਚ ਐਸ ਅਤੇ ਡਾਇਰੈਕਟਰ ਆਰਮੀ ਵੈਟਰਨ ਸੈਲ ਨੂੰ ਪੱਤਰ ਲਿਖ ਕੇ ਈ ਸੀ ਐਚ ਐਸ ਵਿਚ ਹਾਲਾਤ ਸੁਧਾਰਨ ਦੀ ਮੰਗ ਕੀਤੀ ਹੈ ਤਾਂ ਜੋ ਸਾਬਕਾ ਫੌਜੀਆਂ ਨੂੰ ਵਧੀਆ ਮੈਡੀਕਲ ਸੁਵਿਧਾਵਾਂ ਹਾਸਲ ਹੋ ਸਕਣ।

ਅਧਿਕਾਰੀਆਂ ਨੂੰ ਲਿਖੇ ਪੱਤਰ ਵਿੱਚ ਕਰਨਲ ਸੋਹੀ ਨੇ ਕਿਹਾ ਹੈ ਕਿ ਜਿਆਦਾਤਰ ਸਾਬਕਾ ਫ਼ੌਜੀ ਪ੍ਰਾਈਵੇਟ ਹਸਪਤਾਲਾਂ ਵਿੱਚ ਵਧੀਆ ਅਤੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਣਾ ਪਸੰਦ ਕਰਦੇ ਹਨ ਅਤੇ ਫੌਜੀ ਹਸਪਤਾਲ ਵਿੱਚ ਜਾਣ ਤੋਂ ਗੁਰੇਜ਼ ਕਰਦੇ ਹਨ। ਪਰੰਤੂ ਪ੍ਰਾਈਵੇਟ ਹਸਪਤਾਲਾਂ ਵਿੱਚ ਉਨ੍ਹਾਂ ਨੂੰ ਭ੍ਰਿਸ਼ਟਾਚਾਰ, ਜ਼ਿਆਦਾ ਪੈਸੇ ਲੈਣ, ਬਦਤਮੀਜ਼ੀ ਕਰਨ ਅਤੇ ਮਰੀਜ਼ ਨੂੰ ਦਾਖਲ ਨਾ ਕਰਨ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਸਿਰਫ ਮੁਨਾਫਾਖੋਰੀ ਭਾਲਦੇ ਹਨ ਅਤੇ ਉਨ੍ਹਾਂ ਨੂੰ ਮਨੁੱਖਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਤੋਂ ਵੀ ਵਧ ਕੇ ਕੋਰੋਨਾ ਵਰਗੀ ਮਹਾਂਮਾਰੀ ਦੇ ਦੌਰਾਨ ਪ੍ਰਾਈਵੇਟ ਹਸਪਤਾਲਾਂ ਦਾ ਸਿਸਟਮ ਹੀ ਢਹਿ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ਉੱਤੇ ਹੀ ਨਿਰਭਰ ਨਹੀਂ ਕਰ ਸਕਦੇ ਅਤੇ ਈ ਸੀ ਐਚ ਐਸ ਇਲਾਜ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਜਰੂਰੀ ਹੈ ਕਿ ਸਾਬਕਾ ਫੌਜੀਆਂ ਵਾਸਤੇ ਹਰ ਸ਼ਹਿਰ ਵਿੱਚ ਵੱਖਰਾ ਵੈਟਰਨ ਹਸਪਤਾਲ ਹੋਵੇ ਜਿਸ ਨਾਲ ਰੋਜ਼ਾਨਾ ਦੇ ਮਰੀਜ਼ਾਂ ਦੇ ਵੱਧਦੇ ਬੋਝ ਨੂੰ ਸੰਭਾਲਿਆ ਜਾ ਸਕੇ ਅਤੇ ਸਾਬਕਾ ਫੌਜੀਆਂ ਦੀ ਇੱਜ਼ਤ ਅਤੇ ਮਨੋਬਲ ਬਣਿਆ ਰਹੇ।

ਉਨ੍ਹਾਂ ਕਿਹਾ ਕਿ ਹਰੇਕ ਈ ਸੀ ਐਚ ਐਸ ਪੋਲੀਕਲੀਨਿਕ (ਕੈਟੇਗਰੀ ਏ, ਬੀ ਤੇ ਸੀ) ਵਿਚ 10 ਤੋਂ 30 ਬੈੱਡ ਹੋਣੇ ਚਾਹੀਦੇ ਹਨ ਜੋ ਕਿ ਛੋਟੀ ਮੋਟੀ ਸਰਜਰੀ ਜਾਂ ਐਮਰਜੈਂਸੀ ਮਰੀਜ਼ਾਂ ਵਾਸਤੇ ਹੋਣੇ ਚਾਹੀਦੇ ਹਨ। ਇਹ ਨਾ ਸਿਰਫ ਵਿੱਤੀ ਤੌਰ ਤੇ ਆਸਾਨ ਹੋਵੇਗਾ ਸਗੋਂ ਇਸ ਨਾਲ ਸੰਕਟ ਦੇ ਦੌਰਾਨ ਵਧੇ ਕੰਮਕਾਜ ਦਾ ਬੋਝ ਵੀ ਘਟੇਗਾ।

ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਅਤੇ ਘੱਟ ਜਨਸੰਖਿਆ ਵਾਲੇ ਖੇਤਰਾਂ ਵਿੱਚ ਵੈਟਰਨਰੀ ਹਸਪਤਾਲ ਅਤੇ ਈ ਸੀ ਐਚ ਐਸ ਪੋਲੀਕਲੀਨਿਕ ਕੇਂਦਰਿਤ ਜਗ੍ਹਾ ਉੱਤੇ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਮੋਬਾਈਲ ਈਸੀਐਚਐਸ ਪੋਲੀਕਲੀਨਿਕ ਵੈਨਾਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਇਸਦੇ ਨਾਲ ਹੀ ਇਨ੍ਹਾਂ ਵਿੱਚ ਨਕਦੀ ਲੈਣ ਦੇਣ ਅਤੇ ਭੁਗਤਾਨ ਦੀ ਸੁਵਿਧਾ ਹੋਣੀ ਚਾਹੀਦੀ ਹੈ। ਸਾਬਕਾ ਫੌਜੀਆਂ ਵਾਸਤੇ ਦਵਾਈਆਂ ਦੀ ਖ਼ਰੀਦ ਲੋਕਲ ਕੀਤੇ ਜਾਣ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੌਲੀਕਲੀਨਿਕਾਂ ਦਾ ਲੋਡ ਵੀ ਘਟੇ ਅਤੇ ਮਰੀਜ਼ ਵੀ ਸੰਤੁਸ਼ਟ ਰਹਿਣ।

ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਸੁਝਾਵਾਂ ਤੇ ਗੌਰ ਕਰਕੇ ਸਾਬਕਾ ਫ਼ੌਜੀਆਂ ਦੇ ਇਲਾਜ ਅਤੇ ਬਿਹਤਰੀ ਵਾਸਤੇ ਵਿਚਾਰਿਆ ਜਾਵੇ।

Leave a Reply

Your email address will not be published. Required fields are marked *