ਮੇੇਅਰ ਜੀਤੀ ਸਿੱਧੂ ਨੇ ਕਈ ਇਲਾਕਿਆਂ ਵਿਚ ਆਰੰਭ ਕਰਵਾਏ ਲੱਖਾਂ ਰੁਪਏ ਦੇ ਵਿਕਾਸ ਕਾਰਜ

ਐਸ ਏ ਐਸ ਨਗਰ, 20 ਅਕਤੂਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਲੱਖਾਂ ਰੁਪਏ ਦੇ ਵਿਕਾਸ ਕਾਰਜ ਆਰੰਭ ਕਰਵਾਏ ਅਤੇ ਦੋ ਵਾਰਡਾਂ ਵਿੱਚ ਨਵੇਂ ਓਪਨ ਏਅਰ ਜਿਮ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਉਨ੍ਹਾਂ ਦੇ ਨਾਲ ਸਨ।

ਇਸ ਦੌਰਾਨ ਮੇਅਰ ਜੀਤੀ ਸਿੱਧੂ ਨੇ ਬਾਵਾ ਵਾਈਟ ਹਾਊਸ ਤੋਂ ਕੁੰਭੜਾ ਚੌਕ ਵਲ ਜਾਂਦੀ ਸੜਕ (ਜਿਸ ਵਿੱਚ ਸੀਵਰੇਜ ਦੀ ਪਾਈਪ ਲਾਈਨ ਪਾਈ ਗਈ ਹੈ) ਦੀ ਉਸਾਰੀ ਕਰ ਰਹੇ ਠੇਕੇਦਾਰਾਂ ਦੇ ਕੰਮ ਦੀ ਨਜ਼ਰਸਾਨੀ ਕੀਤੀ ਅਤੇ ਇੱਥੇ ਵਧੀਆ ਢੰਗ ਨਾਲ ਪ੍ਰੀਮਿਕਸ ਪਾਉਣ ਅਤੇ ਹੋ ਰਹੀਆਂ ਕਮੀਆਂ ਨੂੰ ਦੂਰ ਕਰਨ ਲਈ ਹਦਾਇਤਾਂ ਦਿੱਤੀਆਂ। ਉਨ੍ਹਾਂ ਠੇਕੇਦਾਰਾਂ ਨੂੰ ਕਿਹਾ ਕਿ ਮਿੱਟੀ ਦੀ ਲੇਅਰਿੰਗ ਬਿਲਕੁਲ ਸਹੀ ਤਰੀਕੇ ਨਾਲ ਕੀਤੀ ਜਾਵੇ ਅਤੇ ਫਾਲਤੂ ਮਿੱਟੀ ਇੱਥੋਂ ਨਾਲ ਦੀ ਨਾਲ ਚੁਕਵਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀਮਿਕਸ ਦੀ ਮਿਕਦਾਰ ਪੂਰੀ ਹੋਣੀ ਚਾਹੀਦੀ ਹੈ ਅਤੇ ਕੁਆਲਿਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਸੈਕਟਰ 66 ਵਿੱਚ ਮੰਡੀ ਬੋਰਡ ਕਾਲੋਨੀ ਵਿਖੇ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ। ਇਸ ਦੇ ਨਾਲ ਨਾਲ ਸੈਕਟਰ 66 ਵਿੱਚ ਹੀ ਵਾਰਡ ਨੰਬਰ 25 ਦੇ ਕੌਂਸਲਰ ਚਰਨ ਸਿੰਘ ਦੀ ਹਾਜ਼ਰੀ ਵਿੱਚ ਇੱਥੋਂ ਦੇ ਇੱਕ ਪਾਰਕ ਵਿੱਚ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ।

ਮੇਅਰ ਜੀਤੀ ਸਿੱਧੂ ਨੇ ਮੁਹਾਲੀ ਦੇ ਫੇਜ਼ ਗਿਆਰਾਂ ਵਿੱਚ ਕੁਲਵੰਤ ਸਿੰਘ ਕਲੇਰ ਦੇ ਵਾਰਡ ਵਿੱਚ 35 ਲੱਖ ਰੁਪਏ ਦੀ ਲਾਗਤ ਨਾਲ ਲਗਣ ਵਾਲੇ ਪੇਵਰ ਬਲਾਕਾਂ ਦਾ ਕੰਮ ਵੀ ਆਰੰਭ ਕਰਵਾਇਆ।

ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਬਣੀ ਨਵੀਂ ਨਗਰ ਨਿਗਮ ਵਿਚਲੀ ਉਨ੍ਹਾਂ ਦੀ ਟੀਮ ਜਿੰਨੀ ਤੇਜ਼ੀ ਨਾਲ ਮੁਹਾਲੀ ਨਗਰ ਵਿੱਚ ਵਿਕਾਸ ਕਾਰਜ ਕਰਵਾ ਰਹੀ ਹੈ, ਉਨਾਂ ਕੰਮ ਪਹਿਲਾਂ ਕਦੇ ਵੀ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹੀ ਨਹੀਂ ਇਸ ਦੇ ਨਾਲ ਨਾਲ ਹਰ ਵਿਕਾਸ ਕਾਰਜ ਦੀ ਨਜ਼ਰਸਾਨੀ ਉਹ ਖ਼ੁਦ ਆਪਣੀ ਟੀਮ ਨਾਲ ਜਾਂ ਇਲਾਕੇ ਦੇ ਕੌਂਸਲਰ ਕਰਦੇ ਹਨ ਤਾਂ ਜੋ ਕੰਮ ਦੀ ਕੁਆਲਿਟੀ ਵੀ ਵਧੀਆ ਹੋਵੇ ਅਤੇ ਕੰਮ ਪੂਰੀ ਪਾਰਦਰਸ਼ਤਾ ਨਾਲ ਹੋਣ। ਇਸ ਮੌਕੇ ਵੱਖ ਵੱਖ ਵਾਰਡਾਂ ਦੇ ਪਤਵੰਤੇ ਸੱਜਣ, ਨਗਰ ਨਿਗਮ ਦੇ ਅਧਿਕਾਰੀ ਤੇ ਕੰਮ ਕਰਨ ਵਾਲੇ ਠੇਕੇਦਾਰ ਹਾਜ਼ਰ ਰਹੇ।

Leave a Reply

Your email address will not be published. Required fields are marked *