ਅਕਾਲੀ ਅਤੇ ਕਾਂਗਰਸ ਸਰਕਾਰਾਂ ਦੀ ਨਾਕਾਮੀ ਕਾਰਨ ਸ਼ਹਿਰ ਵਾਸੀਆਂ ਨੂੰ ਹੁਣ ਤੱਕ ਨਹੀਂ ਮਿਲੀ ਬੱਸ ਅੱਡੇ ਦੀ ਸਹੂਲੀਅਤ : ਵਿਨੀਤ ਵਰਮਾ ਆਪ ਆਗੂਆਂ ਨੇ ਫੇਜ਼ 6 ਦੇ ਬੱਸ ਅੱਡੇ ਦਾ ਦੌਰਾ ਕਰਕੇ ਕਮੀਆਂ ਵਿਖਾਈਆਂ

ਐਸ ਏ ਐਸ ਨਗਰ, 20 ਅਕਤੂਬਰ (ਆਰ ਪੀ ਵਾਲੀਆ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਕਿਹਾ ਹੈ ਕਿ ਮੁਹਾਲੀ ਦੁਨੀਆਂ ਦਾ ਪਹਿਲਾ ਸ਼ਹਿਰ ਹੈ, ਜਿਸ ਕੋਲ ਉਸਦਾ ਆਪਣਾ ਬੱਸ ਅੱਡਾ ਨਹੀਂ ਹੈ ਅਤੇ ਅਜਿਹਾ ਪਿਛਲੀ ਅਤੇ ਮੌਜੂਦਾ ਸਰਕਾਰ ਅਤੇ ਹਲਕਾ ਵਿਧਾਇਕ ਦੀ ਮਾੜੀ ਕਾਰਗੁਜਾਰੀ ਕਾਰਨ ਹੋਇਆ ਹੈ ਜਿਹਨਾਂ ਵਲੋਂ ਪਹਿਲਾਂ ਫੇਜ਼ 8 ਵਿੱਚ ਵਧੀਆ ਤਰੀਕੇ ਨਾਲ ਕੰਮ ਕਰਦੇ ਬਸ ਅੱਡੇ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਫਿਰ 100 ਕਰੋੜ ਰੁਪਏ ਖਰਚ ਕੇ ਫੇਜ਼ 6 ਵਿੱਚ ਬਣਾਏ ਏ ਸੀ ਬਸ ਅੱਡੇ ਨੂੰ ਵੀ ਬਰਬਾਦ ਕਰ ਦਿੱਤਾ ਹੈ ਅਤੇ ਮੁਹਾਲੀ ਵਾਸੀ ਬੱਸ ਅੱਡੇ ਦੀ ਸਹੂਲਤ ਨੂੰ ਤਰਸ ਰਹੇ ਹਨ।

ਫੇਜ਼ 6 ਦੇ ਬਸ ਅੱਡੇ ਤੇ ਆਪ ਆਗੂਆਂ ਦੇ ਨਾਲ ਪਹੁੰਚੇ ਵਿਨੀਤ ਵਰਮਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਇਸ ਬੱਸ ਅੱਡੇ ਨੂੰ ਏ ਸੀ ਬੱਸ ਅੱਡਾ ਕਿਹਾ ਜਾਂਦਾ ਹੈ, ਪਰ ਇੱਥੇ ਬਿਜਲੀ ਹੀ ਨਹੀਂ ਹੈ, ਕਿਉਂਕਿ ਬਿਜਲੀ ਦਾ ਬਿਲ ਨਾ ਭਰਨ ਕਰਕੇ ਬਿਜਲੀ ਦਾ ਕੁਨੈਕਸ਼ਨ ਕਟਿਆ ਗਿਆ ਹੈ। ਇਸ ਤੋਂ ਇਲਾਵਾ ਇੱਥੇ ਪੀਣ ਵਾਲੇ ਪਾਣੀ ਤਕ ਦਾ ਪ੍ਰਬੰਧ ਨਹੀਂ ਹੈ ਅਤੇ ਲੋਕਾਂ ਲਈ ਹੋਰ ਕੋਈ ਸਹੂਲਤ ਨਹੀਂ ਮਿਲਦੀ। ਬੱਸ ਅੱਡੇ ਦੀਆਂ ਅੰਦਰੂਨੀ ਦੀਵਾਰਾਂ ਖਰਾਬ ਹੋ ਰਹੀਆਂ ਹਨ ਅਤੇ ਉੱਥੇ ਭਾਰੀ ਮਾਤਰਾ ਵਿੱਚ ਬਰਸਾਤੀ ਪਾਣੀ ਖੜ੍ਹਾ ਹੈ ਜਿਸ ਕਾਰਨ ਭਾਰੀ ਮੱਛਰ ਪੈਦਾ ਹੋ ਰਿਹਾ ਹੈ।

ਪੱਤਰਕਾਰਾਂ ਨੂੰ ਬਸ ਅੱਡੇ ਦੀ ਮਾੜੀ ਹਾਲਤ ਵਿਖਾਉਂਦਿਆਂ ਉਹਨਾਂ ਕਿਹਾ ਕਿ ਇਸ ਬੱਸ ਅੱਡੇ ਵਿੱਚ ਕਿਸੇ ਬੱਸ ਨੇ ਤਾਂ ਕੀ ਆਉਣਾ ਸੀ, ਕੋਈ ਟੈਂਪੂ ਵੀ ਨਹੀਂ ਆਉਂਦਾ। ਉਹਨਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਸਮੇਂ ਇਸ ਬੱਸ ਅੱਡੇ ਨੂੰ ਮੁਕੰਮਲ ਹਣ ਤੋਂ ਪਹਿਲਾਂ ਹੀ ਇਸਦਾ ਉਦਘਾਟਨ ਕਰ ਦਿੱਤਾ ਗਿਆ ਪਰ ਫਿਰ ਸੂਬੇ ਵਿੱਚ ਕਾਂਗਰਸ ਸਰਕਾਰ ਆਂਉਣ ਤੋਂ ਬਾਅਦ ਇੱਥੇ ਬੱਸਾਂ ਦਾ ਆਣਾ ਜਾਣਾ ਬੰਦ ਹੋ ਗਿਆ। ਉਹਨਾਂ ਕਿਹਾ ਕਿ ਹੁਣ ਫਿਰ ਬੱਸਾਂ ਫੇਜ 8 ਵਿੱਚ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਸੜਕ ਤੋਂ ਚਲ ਰਹੀਆਂ ਹਨ ਅਤੇ ਟਰਾਂਸਪੋਰਟ ਮੰਤਰੀ ਨੂੰ ਇਸ ਗਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਫੇਜ਼ 6 ਦਾ ਨਵਾਂ ਬੱਸ ਅੱਡਾ ਕਿਸ ਦੇ ਹੁਕਮਾਂ ਤੇ ਬੰਦ ਕੀਤਾ ਗਿਆ ਅਤੇ ਬੱਸਾਂ ਨੂ ੰਫੇਜ਼ 8 ਵਿੱਚ ਸੜਕ ਤੋਂ ਚਲਾਉਣ ਦੀ ਪ੍ਰਵਾਨਗੀ ਕਿਸ ਨੇ ਦਿਤੀ?

ਉਹਨਾਂ ਹਲਕਾ ਵਿਧਾਇਕ ਨੂੰ ਸਵਾਲ ਕੀਤਾ ਕਿ ਉਹ ਪੰਜਾਬ ਸਰਕਾਰ ਵਿਚ ਮੰਤਰੀ ਵੀ ਰਹੇ ਹਨ ਅਤੇ ਨਗਰ ਨਿਗਮ ਉਪਰ ਵੀ ਉਹਨਾਂ ਦੇ ਪਰਿਵਾਰ ਦਾ ਕਬਜਾ ਹੈ, ਫਿਰ ਵੀ ਉਹ ਮੁਹਾਲੀ ਵਾਸੀਆਂ ਨੂੰ ਪਰੋਪਰ ਬੱਸ ਅੱਡੇ ਦੀ ਸਹੂਲੀਅਤ ਦੇਣ ਵਿਚ ਕਿਉਂ ਇਨਕਾਰੀ ਹਨ। ਉਹਨਾਂ ਇਲਾਜਾਮ ਲਗਾਇਆ ਕਿ ਅਸਲ ਵਿੱਚ ਸਾਰੇ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਰਲੇ ਹੋਏ ਹਨ, ਇਸ ਕਰਕੇ ਨਵੇਂ ਬੱਸ ਅੱਡੇ ਨੁੰ ਚਲਾਉਣ ਦੀ ਥਾਂ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਮਰਜੀ ਨਾਲ ਫੇਜ਼ 8 ਵਿੱਚ ਬੱਸਾਂ ਸੜਕ ਤੋਂ ਚਲਾਈਆਂ ਜਾ ਰਹੀਆਂ ਹਨ, ਇਸ ਤਰੀਕੇ ਨਾਲ ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਮੁਹਾਲੀ ਵਾਸੀਆਂ ਦੀ ਸਿੱਧੀ ਲੁੱਟ ਕੀਤੀ ਜਾ ਰਹੀ ਹੈ।

ਉਹਨਾਂ ਟਰਾਂਸਪੋਰਟ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਵੱਖ ਵੱਖ ਸ਼ਹਿਰਾਂ ਦੇ ਬੱਸ ਅੱਡਿਆਂ ਉਪਰ ਜਾ ਕੇ ਛਾਪੇ ਮਾਰ ਰਹੇ ਹਨ ਪਰ ਕਦੇ ਉਹਨਾਂ ਨੇ ਮੁਹਾਲੀ ਦੇ ਬੱਸ ਅੱਡੇ ਦੀ ਸਾਰ ਨਹੀਂ ਲਈ। ਮੁਹਾਲੀ ਦਾ ਬੱਸ ਅੱਡਾ ਮੌਜੂਦਾ ਸਰਕਾਰ ਤੋਂ ਏਨੀ ਦੂਰ ਵੀ ਨਹੀਂ ਹੈ ਕਿ ਉਥੇ ਸਰਕਾਰ ਦਾ ਕੋਈ ਮੰਤਰੀ ਨਾ ਪਹੁੰਚ ਸਕਦਾ ਹੋਵੇ। ਉਹਨਾਂ ਕਿਹਾ ਕਿ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਨੂੰ ਇਸ ਗਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਨਿਵੇਸ਼ਕਾਂ ਦਾ ਪੈਸਾ ਕਿਸ ਤਰਾਂ ਡੁੱਬ ਗਿਆ। ਉਹਨਾਂ ਕਿਹਾ ਕਿ ਜੇ ਫੇਜ਼ 6 ਦੇ ਇਸ ਬੱਸ ਅੱਡੇ ਨੂੰ ਚਲਾਉਣਾ ਨਹੀਂ ਸੀ ਤਾਂ ਫਿਰ ਫੇਜ਼ 8 ਦੇ ਪੁਰਾਣੇ ਬੱਸ ਅੱਡੇ ਨੂੰ ਬੰਦ ਕਰਕੇ ਉਸਦੀ ਇਮਾਰਤ ਨੂੰ ਢਾਹੁਣ ਦੀ ਕੀ ਜਰੂਰਤ ਸੀ।

ਉਹਨਾਂ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਸ ਬੱਸ ਅੱਡੇ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇਗਾ। ਇਸਦੇ ਨਾਲ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਹੋਰ ਛੋਟੇ ਬੱਸ ਅੱਡੇ ਬਣਾਏ ਜਾਣਗੇ ਅਤੇ ਸ਼ਹਿਰ ਵਿੱਚ ਸਿਟੀ ਬੱਸ ਸੇਵਾ ਆਰੰਭ ਕੀਤੀ ਜਾਵੇਗੀ।

ਉਹਨਾਂ ਮੰਗ ਕੀਤੀ ਕਿ ਫੇਜ਼ 6 ਦੇ ਬੱਸ ਅੱਡੇ ਦੀ ਹਾਲਤ ਸੁਧਾਰ ਕਰਕੇ ਇਸ ਬੱਸ ਅੱਡੇ ਨੂੰ ਤੁਰੰਤ ਚਾਲੂ ਕੀਤਾ ਜਾਵੇ, ਇਸ ਬੱਸ ਅੱਡੇ ਵਿੱਚ ਬੱਸਾਂ ਦਾ ਆਉਣ ਯਕੀਣੀ ਬਣਾਇਆ ਜਾਵੇ, ਤਾਂਕਿ ਮੁਹਾਲੀ ਵਾਸੀਆਂ ਨੂੰ ਬੱਸ ਅੱਡੇ ਦੀ ਸਹੂਲੀਅਤ ਮਿਲ ਸਕੇ।

ਇਸ ਮੌਕੇ ਆਮ ਆਦਮੀ ਪਾਰਟੀ ਦੀ ਜਿਲਾ ਸੈਕਟਰੀ ਪ੍ਰਭਜੋਤ ਕੌਰ, ਜੁਆਇੰਟ ਸੈਕਟਰੀ ਸਤੀਸ ਸੈਣੀ, ਸੀ. ਮੀਤ ਪ੍ਰਧਾਨ ਵਰਿੰਦਰ ਸਿੰਘ, ਗੁਰਮੇਲ ਸਿੰਘ, ਕਸ਼ਮੀਰ ਕੌਰ, ਪ੍ਰਹਿਲਾਦ ਸਿੰਘ, ਸੁਰਿੰਦਰ ਸਿੰਘ ਮਟੌਰ, ਗੁਰਮੁੱਖ ਸਿੰਘ, ਰਾਜੇਸ ਰਾਣਾ, ਮੱਘਰ ਲਾਲ, ਅਮਿਤ ਵਰਮਾ, ਜਤਿੰਦਰ ਸਿੰਘ ਅਤੇ ਹੋਰ ਹਾਜਰ ਸਨ।

Leave a Reply

Your email address will not be published. Required fields are marked *