ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਬੀ. ਐਸ. ਐਫ. ਦਾ ਦਾਇਰਾ ਵਧਾਇਆ : ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ, 20 ਅਕਤੂਬਰ (ਸ.ਬ.) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਨਾਉਣ ਦੇ ਐਲਾਨ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਨੂੰ ਪਾਕਿਸਾਨ ਜਾਂ ਚੀਨ ਤੋਂ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖਤਰਾ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੌਕਾਪ੍ਰਸਤ ਆਗੂ ਦੱਸਦੇ ਹੋਏ ਰੰਧਾਵਾ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਵਿਚ ਕੈਪਟਨ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ ਜਦਕਿ ਹੁਣ ਕੁੱਝ ਦਿਨਾਂ ਵਿਚ ਹੀ ਤਿੰਨ ਵਾਰ ਜਾ ਕੇ ਮਿਲ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਕੈਪਟਨ ਪੰਜਾਬ ਨੂੰ ਗੁਆਂਢੀ ਦੇਸ਼ ਤੋਂ ਖ਼ਤਰਾ ਦੱਸ ਰਹੇ ਹਨ ਪਰ ਉਹ ਪਹਿਲਾਂ ਇਹ ਦੱਸਣ ਕਿ ਸਾਢੇ ਚਾਰ ਸਾਲ ਤੱਕ ਪੰਜਾਬ ਵਿਚ ਟਿਫਿਨ ਬੰਬ ਕਿਵੇਂ ਆ ਗਏ, ਕੈਪਟਨ ਕਿਉਂ ਪੰਜਾਬ ਵਿਚ ਨਸ਼ਾ ਨਹੀਂ ਰੋਕ ਸਕੇ, ਹਥਿਆਰ ਨਹੀਂ ਰੋਕ ਸਕੇ। ਉਹਨਾਂ ਕਿਹਾ ਕਿ ਜਿਹੜਾ ਧੋਖਾ ਕੈਪਟਨ ਨੇ ਪੰਜਾਬ ਨਾਲ ਕੀਤਾ ਹੈ, ਇਸ ਤੋਂ ਵੱਡਾ ਖ਼ਤਰਾ ਹੋਰ ਕੋਈ ਹੋ ਹੀ ਨਹੀਂ ਸਕਦਾ।

ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਰਕੇ ਹੀ ਕੇਂਦਰ ਸਰਕਾਰ ਨੇ ਪੰਜਾਬ ਵਿਚ ਬੀ. ਐਸ. ਐਫ. ਦਾ ਦਾਇਰਾ ਵਧਾਇਆ ਹੈ। ਕੈਪਟਨ ਪਹਿਲਾਂ ਇਹ ਦੱਸਣ ਕਿ ਉਸ ਸਮੇਂ ਪੰਜਾਬ ਨੂੰ ਖ਼ਤਰਾ ਨਹੀਂ ਸੀ ਜਦੋਂ ਉਨ੍ਹਾਂ ਸਾਢੇ ਚਾਰ ਸਾਲ ਆਪਣੇ ਕੋਲ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਰੱਖਿਆ ਸੀ, ਇਸ ਦੇ ਬਾਵਜੂਦ ਕੇਂਦਰ ਦੀ ਭਾਜਪਾ ਸਰਕਾਰ ਨੇ ਅਰੂਸਾ ਨੂੰ ਵੀਜ਼ਾ ਦਿੱਤਾ ਪਰ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਅਰੂਸਾ ਵਾਪਸ ਚਲੀ ਗਈ। ਉਨ੍ਹਾਂ ਕਿਹਾ ਕਿ ਅਸੀਂ ਜਿਸ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੀ ਜ਼ਿੰਦਗੀ ਕੱਢ ਦਿੱਤੀ ਉਸ ਨੇ ਅਖਰੀਲੇ ਦਿਨਾਂ ਵਿਚ ਜਾ ਕੇ ਪੰਜਾਬ ਨਾਲ ਧੋਖਾ ਕੀਤਾ ਹੈ।

ਰੰਧਾਵਾ ਨੇ ਕਿਹਾ ਕਿ ਜਦੋਂ ਬਾਦਲਾਂ ਨੇ ਕੈਪਟਨ ਨੂੰ ਜਲੀਲ ਕਰਕੇ ਕੱਢਿਆ ਸੀ ਤਾਂ ਉਸ ਸਮੇਂ ਉਹ ਕਾਂਗਰਸ ਹੀ ਸੀ ਜਿਸ ਨੇ ਉਨ੍ਹਾਂ ਦਾ ਹੱਥ ਫੜ੍ਹਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਕਿਸਾਨ ਜਾਂ ਚੀਨ ਤੋਂ ਖ਼ਤਰਾ ਨਹੀਂ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖਤਰਾ ਜ਼ਰੂਰ ਹੈ। ਉਹਲਾਂ ਕਿਹਾ ਕਿ ਕੈਪਟਨ ਅੱਜ ਜਿਨ੍ਹਾਂ ਨਾਲ ਜਾ ਕੇ ਬੈਠ ਗਏ ਹਨ, ਇਨ੍ਹਾਂ ਨੇ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ ਅਤੇ ਅੰਗੇਰਜ਼ਾਂ ਨਾਲ ਉਨ੍ਹਾਂ ਦੇ ਸੰਬੰਧ ਸਨ। ਅੱਗੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਕੈਪਟਨ ਕਾਂਗਰਸ ਨੂੰ ਡੋਬਣ ਦੀਆਂ ਗੱਲਾਂ ਕਰ ਰਹੇ ਹਨ ਪਰ ਕਾਂਗਰਸ ਨੇ ਉਨ੍ਹਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਤੱਕ ਬਰਗਾੜੀ ਦਾ ਮਸਲਾ ਹੱਲ ਨਹੀਂ ਹੋਇਆ, ਬਾਦਲਾਂ ਤੇ ਕਾਰਵਾਈ ਨਹੀਂ ਹੋ ਸਕੀ, ਬਾਦਲਾਂ ਦੀਆਂ ਬੱਸਾਂ ਬੰਦ ਨਹੀਂ ਹੋਈਆਂ ਕਿਉਂਕਿ ਇਹ ਬਾਦਲਾਂ ਨਾਲ ਮਿਲੇ ਹੋਏ ਸਨ। ਉਨ੍ਹਾਂ ਕੈਪਟਨ ਨੂੰ ਓਪਨ ਡਿਬੇਟ ਦਾ ਚੈਲੰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਾਢੇ ਚਾਰ ਸਾਲ ਤੱਕ ਪੰਜਾਬ ਦੀ ਸਾਰ ਨਹੀਂ ਲਈ ਪਰ ਹੁਣ ਉਨ੍ਹਾਂ ਨੂੰ ਪੰਜਾਬ ਦੀ ਚਿੰਤਾ ਕਿਉਂ ਹੋ ਰਹੀ ਹੈ।

Leave a Reply

Your email address will not be published. Required fields are marked *