ਉੱਤਰੀ ਕੋਰੀਆ ਵਿੱਚ ਬੁਖ਼ਾਰ ਨਾਲ 56 ਵਿਅਕਤੀਆਂ ਦੀ ਮੌਤ

ਸਿਓਲ/ਉੱਤਰੀ ਕੋਰੀਆ, 17 ਮਈ (ਸ.ਬ.) ਉੱਤਰੀ ਕੋਰੀਆ ਵਿੱਚ ਸਿਹਤ ਅਧਿਕਾਰੀਆਂ ਨੇ 2,69,510 ਹੋਰ ਲੋਕਾਂ ਵਿਚ ਬੁਖ਼ਾਰ ਦੇ ਲੱਛਣਾਂ ਨਾਲ 6 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੇਸ਼ ਦੇ ਸਰਕਾਰੀ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਦੇ ਐਂਟੀ-ਵਾਇਰਸ ਹੈੱਡਕੁਆਰਟਰ ਦੇ ਅਨੁਸਾਰ, ਅਪ੍ਰੈਲ ਦੇ ਅਖੀਰ ਤੋਂ ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਬੁਖ਼ਾਰ ਕਾਰਨ 56 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਕਰੋੜ 48 ਲੱਖ ਤੋਂ ਵੱਧ ਲੋਕ ਬਿਮਾਰ ਹੋ ਚੁੱਕੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਬਿਮਾਰ ਲੋਕ ਕੋਵਿਡ-19 ਨਾਲ ਸੰਕਰਮਿਤ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 663,910 ਲੋਕ ਅਜੇ ਵੀ ਆਈਸੋਲੇਸ਼ਨ ਵਿੱਚ ਹਨ। ਹਾਲਾਂਕਿ ਅਧਿਕਾਰਤ ਮੀਡੀਆ ਇਹ ਸਪੱਸ਼ਟ ਨਹੀਂ ਕਰ ਰਿਹਾ ਹੈ ਕਿ ਕੋਵਿਡ-19 ਕਾਰਨ ਬੁਖ਼ਾਰ ਦੇ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੀ ਖ਼ਰਾਬ ਸਿਹਤ ਪ੍ਰਣਾਲੀ ਦੇ ਮੱਦੇਨਜ਼ਰ ਵਾਇਰਸ ਦੀ ਲਾਗ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਦੇਸ਼ ਵਿੱਚ 1 ਲੱਖ ਤੋਂ ਵੱਧ ਜਨ ਸਿਹਤ ਅਧਿਕਾਰੀਆਂ, ਅਧਿਆਪਕਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਬੁਖ਼ਾਰ ਤੋਂ ਪੀੜਤ ਲੋਕਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਬੀਤੇ ਦਿਨ ਸੱਤਾਧਾਰੀ ਪਾਰਟੀ ਦੀ ਮੀਟਿੰਗ ਦੌਰਾਨ, ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਵੀ ਆਪਣੀ ਫ਼ੌਜ ਨੂੰ ਪਿਓਂਗਯਾਂਗ ਵਿੱਚ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ ਅਤੇ ਚਿੰਤਾ ਜ਼ਾਹਰ ਕੀਤੀ ਕਿ ਦਵਾਈ ਦੀ ਸਮੇਂ ਸਿਰ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ ਨੇ ਕਿਹਾ ਕਿ ਕੋਰੀਆਈ ਪੀਪਲਜ਼ ਆਰਮੀ ਨੇ ਬੀਤੇ ਦਿਨ ਪਿਓਂਗਯਾਂਗ ਵਿੱਚ ਫਾਰਮੇਸੀਆਂ ਵਿੱਚ ਦਵਾਈਆਂ ਦੀ ਆਵਾਜਾਈ ਵਿੰਚ ਮਦਦ ਕਰਨ ਲਈ ਆਪਣੀਆਂ ਮੈਡੀਕਲ ਯੂਨਿਟਾਂ ਦੇ ਅਧਿਕਾਰੀਆਂ ਅਤੇ ਗੈਰ-ਕਮਿਸ਼ਨਡ ਅਧਿਕਾਰੀਆਂ ਨੂੰ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published.