ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ 15 ਅਗਸਤ ਨੂੰ ਵਿਰੋਧ ਦਿਵਸ ਮਨਾਉਣ ਦਾ ਐਲਾਨ

ਖਰੜ, 12 ਅਗਸਤ (ਸ਼ਮਿੰਦਰ ਸਿੰਘ)ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਨੇ 15 ਅਗਸਤ ਨੂੰ ਵਿਰੋਧ ਦਿਵਸ ਮਨਾਉਣ ਦਾ ਸੱਦਾ ਦਿਤਾ ਹੈ। ਇਥੋਂ ਜਾਰੀ ਇਕ ਬਿਆਨ ਵਿੱਚ ਮੋਰਚੇ ਦੇ ਆਗੂ ਸ੍ਰੀ ਕੁਲਦੀਪ ਸਿੰਘ ਬੁੱਢੇਵਾਲ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਬਾਦਲ ਹਕੂਮਤ ਤੋਂ ਲੈਕੇ ਹੁਣ ਤੱਕ ਦੀਆਂ ਪੰਜਾਬ ਸਰਕਾਰਾਂ ਵਲੋਂ ਸਿਰਫ ਲਾਰੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਚਲਾਉਣ ਵਾਲੇ ਚਿਹਰੇ ਤਾਂ ਭਾਵੇਂ ਬਦਲ ਗਏ ਹਨ ਪਰ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੀ ਸੇਵਾ ਅਤੇ ਕਿਰਤੀ ਕਾਮਿਆਂ ਨੂੰ ਇਨ੍ਹਾਂ ਅੱਗੇ ਜਬਰ ਦੇ ਜ਼ੋਰ ਤੇ ਪਰੋਸਣ ਦਾ ਧੰਦਾ ਬਦਸਤੂਰ ਜਾਰੀ ਹੈ।

ਉਹਨਾਂ ਕਿਹਾ ਕਿ ਫਿਰਕਾਪ੍ਰਸਤੀ ਰਾਹੀਂ ਠੇਕਾ ਮੁਲਾਜਮਾਂ ਦੀ ਵੰਡ ਕਰਨ, ਜ਼ਬਰ ਦੇ ਜ਼ੋਰ ਠੇਕਾ ਮੁਲਾਜਮਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਅਮਲ ਹੁਣ ਗੁੱਝਾ ਨਹੀਂ ਹੈ। ਇਸ ਲਈ ਪੰਜਾਬ ਸਰਕਾਰ ਪਾਸੋਂ ਕਿਸੇ ਵੀ ਕਿਸਮ ਦੇ ਭਲੇ ਦੀ ਝਾਕ ਛੱਡਕੇ ਸੰਘਰਸ਼ ਦੇ ਰਾਹ ਤੇਜੀ ਨਾਲ ਅੱਗੇ ਵਧਣ ਲਈ 15 ਅਗਸਤ ਦਾ ਦਿਨ ਵਿਰੋਧ ਦਿਵਸ ਵਜੋਂ ਮਨਾਇਆ ਜਾਵੇਗਾ।

ਇਸ ਮੌਕੇ ਮੋਰਚੇ ਦੇ ਆਗੂ ਸ਼੍ਰੀ ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਰਮਨਪ੍ਰੀਤ ਕੌਰ ਮਾਨ, ਸਿਮਰਨਜੀਤ ਸਿੰਘ ਨੀਲੋਂ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਕੁਮਾਰ, ਪਵਨਦੀਪ ਸਿੰਘ ਵੀ ਮੌਜੂਦ ਸਨ।

Leave a Reply

Your email address will not be published.