ਵਾਤਾਵਰਨ ਦੀ ਸੁਰੱਖਿਆ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਕਰਨ ਵਸਨੀਕ : ਮੇਅਰ ਜੀਤੀ ਸਿੱਧੂ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਨਗਰ ਨਿਗਮ ਦੇ ਸਟਾਫ ਨੂੰ ਭੇਂਟ ਕੀਤੇ ਤਿਰੰਗੇ ਝੰਡੇ
ਐਸ ਏ ਐਸ ਨਗਰ, 12 ਅਗਸਤ (ਸ.ਬ.) ਆਜਾਦੀ ਦਾ ਅੰਮ੍ਰਿਤ ਮਹਾਂਉਤਸਵ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਅੱਜ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਮੁਹਾਲੀ ਨਗਰ ਨਿਗਮ ਦੇ ਸਟਾਫ ਨੂੰ ਤਿਰੰਗੇ ਝੰਡੇ ਭੇਟ ਕੀਤੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਨਵਜੋਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੇਜਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਦਾ ਮੁੱਖ ਮਕਸਦ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ਤੇ ਆਜ਼ਾਦੀ ਦੇ ਜਸ਼ਨਾਂ ਤਹਿਤ ਦੇਸ਼ ਦੇ ਨਾਗਰਿਕਾਂ ਨੂੰ ਘਰ-ਘਰ ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਪੈਦਾ ਕਰਨਾ ਅਤੇ ਆਜਾਦੀ ਲਈ ਸ਼ਹੀਦ ਹੋਏ ਸੂਰਵੀਰਾਂ ਪ੍ਰਤੀ ਸ਼ਰਧਾਭਾਵ ਪੈਦਾ ਕਰਨਾ ਹੈ। ਉਨ੍ਹਾਂ ਮੁਹਾਲੀ ਦੇ ਸਮੂਹ ਵਸਨੀਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਘਰਾਂ ਤੇ ਰਾਸ਼ਟਰੀ ਤਿਰੰਗਾ ਝੰਡਾ ਲਗਾਉਣ ਤਾਂ ਜੋ ਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਹੋ ਸਕੇ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਵਾਤਾਵਰਣ ਦੀ ਸੁਰੱਖਿਆ, ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਤੇ ਪੂਰੀ ਤਰ੍ਹਾਂ ਰੋਕ ਲਗਾਊਣ ਲਈ ਲਈ ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਮੇਅਰ ਜੀਤੀ ਸਿੱਧੂ ਨੇ ਇਸ ਮੌਕੇ ਬੱਚਿਆਂ ਨੂੰ ਤਿਰੰਗੇ ਦੇ ਰੰਗਾਂ ਵਾਲੀਆਂ ਪਤੰਗਾਂ ਵੀ ਭੇਂਟ ਕੀਤੀਆਂ।
ਇਸ ਮੌਕੇ ਦਮਨਦੀਪ ਕੌਰ ਜੁਆਇੰਟ ਕਮਿਸ਼ਨਰ, ਵਰਿੰਦਰ ਜੈਨ ਸਹਾਇਕ ਕਮਿਸ਼ਨਰ, ਨਰੇਸ਼ ਬੱਤਾ ਐਸ ਈ, ਨਗਰ ਨਿਗਮ ਦੇ ਸਾਥੀ ਕੌਂਸਲਰ ਅਤੇ ਸਮੂਹ ਸਟਾਫ ਹਾਜ਼ਰ ਸਨ।