ਸੈਕਟਰ 79 ਵਿੱਚ ਆਵਾਰਾ ਕੁੱਤਿਆਂ ਨੇ ਫੈਲਾਈ ਦਹਿਸ਼ਤ ਕੁੱਤਿਆਂ ਦੀ ਦਹਿਸ਼ਤ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਬੱਚੇ

ਐਸ ਏ ਐਸ ਨਗਰ, 12 ਅਗਸਤ (ਸ.ਬ.) ਸਥਾਨਕ ਸੈਕਟਰ 79 ਵਿਚ ਆਵਾਰਾ ਕੁੱਤਿਆਂ ਨੇ ਦਹਿਸ਼ਤ ਫੈਲਾਈ ਹੋਈ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਹ ਖੂੰਖਾਰ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਨੂੰ ਵੱਢਦੇ ਹਨ ਅਤੇ ਇਹਨਾਂ ਦੇ ਡਰ ਕਾਰਨ ਲੋਕ ਆਪਣੇ ਬੱਚਿਆਂ ਨੂੰ ਬਾਹਰ ਖੇਡਣ ਲਈ ਨਹੀਂ ਭੇਜਦੇ।

ਵਾਰਡ ਨੰਬਰ 32 ਦੇ ਕੌਂਸਲਰ ਸz. ਹਰਜੀਤ ਸਿੰਘ ਭੋਲੂ ਅਤੇ ਸੈਕਟਰ 79 ਦੇ ਵਸਨੀਕਾਂ ਦੀ ਸੰਸਥਾ ਦੇ ਪ੍ਰਧਾਨ ਹਰਦਿਆਲ ਚੰਦ ਬਡਬਰ ਨੇ ਦੱਸਿਆ ਕਿ ਸੈਕਟਰ 79 ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ ਅਤੇ ਇਹਨਾਂ ਕੁੱਤਿਆਂ ਵਲੋਂ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵੀ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਬੀਤੀ 10 ਅਗਸਤ ਨੂੰ ਇਕੋ ਦਿਨ ਆਵਾਰਾ ਕੁੱਤਿਆਂ ਨੇ ਚਾਰ ਵਿਅਕਤੀਆਂ ਨੂੰ ਕੱਟ ਲਿਆ ਸੀ। ਵਸਨੀਕਾਂ ਵਲੋਂ ਨਗਰ ਨਿਗਮ ਵਿੱਚ ਸ਼ਿਕਾਇਤ ਕਰਨ ਤੇ ਵੀ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਲੋਕਾਂ ਵਲੋਂ ਕੁੱਤੇ ਫੜਣ ਲਈ ਪੱਲਿਓ ਪੈਸੇ ਖਰਚ ਕੇ ਪੰਚਕੂਲਾ ਤੋਂ ਕੁੱਤੇ ਫੜਣ ਵਾਲੀ ਟੀਮ ਬੁਲਾਈ ਗਈ ਸੀ ਜੋ ਦੋ ਕੁੱਤਿਆਂ ਨੂੰ ਤਾਂ ਫੜ ਕੇ ਲੈ ਗਈ ਜਦੋਂਕਿ ਬਾਕੀ ਦੇ ਭੱਜ ਗਏ।

ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਇਸ ਖੇਤਰ ਵਿੱਚ ਇਕ ਕੁੱਤਾ ਪਾਗਲ ਹੋ ਗਿਆ ਸੀ, ਜਿਸ ਨੇ ਇਲਾਕੇ ਦੇ ਹੋਰਨਾਂ ਕਈ ਕੁੱਤਿਆਂ ਨੂੰ ਕੱਟ ਲਿਆ ਸੀ ਅਤੇ ਜਿਸ ਕਾਰਨ ਇਸ ਇਲਾਕੇ ਦੇ ਕਈ ਅਵਾਰਾ ਕੁੱਤੇ ਹਲਕ ਗਏ ਹਨ। ਹਲਕੇ ਹੋਏ ਇਹ ਕੁੱਤੇ ਇਲਾਕੇ ਵਿਚ ਆਉਣ ਵਾਲੇ ਦੋਧੀਆਂ, ਸਬਜੀ ਵੇਚਣ ਵਾਲਿਆਂ, ਘਰਾਂ ਵਿਚ ਕੰਮ ਵਾਲੀਆਂ ਮਹਿਲਾਵਾਂ ਅਤੇ ਇਲਾਕਾ ਵਾਸੀਆਂ ਉੱਪਰ ਹਮਲੇ ਕਰਦੇ ਹਨ। ਇਹਨਾਂ ਕੁਤਿਆਂ ਦੇ ਮੂੰਹ ਨੂੰ ਇਨਸਾਨੀ ਖੂਨ ਲੱਗ ਚੁਕਿਆ ਹੈ, ਜਿਸ ਕਾਰਨ ਇਹ ਕੁੱਤੇ ਆਦਮਖੋਰ ਹੋ ਚੁੱਕੇ ਹਨ।

ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਵਲੋਂ ਕਈ ਵਾਰ ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਅਤੇ ਨਿਗਮ ਦੇ ਕਮਿਸ਼ਨਰ ਨੂੰ ਇਸ ਇਲਾਕੇ ਵਿਚੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਅਪੀਲ ਕੀਤੀ ਗਈ ਹੈ, ਪਰੰਤੂ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਸੈਕਟਰ 79 ਵਿਚ ਆਵਾਰਾ ਕੁਤਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਕਾਰਨ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਕੁੱਤਿਆਂ ਦੇ ਟੀਕਾਕਰਨ ਅਤੇ ਨਸਬੰਦੀ ਮੁਹਿੰਮ ਵੀ ਅਸਫਲ ਹੋ ਗਈ ਹੈ। ਉਹਨਾਂ ਮੰਗ ਕੀਤੀ ਕਿ ਸੈਕਟਰ 79 ਵਿਚ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ।

ਕੁੱਤਿਆਂ ਦੀ ਸਮੱਸਿਆ ਹੱਲ ਨਾ ਕੀਤੀ ਤਾਂ ਦੇਵਾਂਗੇ ਧਰਨਾ : ਕੌਂਸਲਰ ਹਰਜੀਤ ਭੋਲੂ

ਨਗਰ ਨਿਗਮ ਦੇ ਕੌਂਸਲਰ ਹਰਜੀਤ ਭੋਲੂ ਨੇ ਕਿਹਾ ਕਿ ਉਹਨਾਂ ਵਲੋਂ ਅਤੇ ਇਲਾਕਾ ਵਾਸੀਆਂ ਵਲੋਂ ਸੈਕਟਰ 79 ਵਿੱਚ ਗੰਭੀਰ ਹੋਈ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹਲ ਕਰਨ ਲਈ ਕਈ ਵਾਰ ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਅਤੇ ਨਿਗਮ ਦੇ ਕਮਿਸ਼ਨਰ ਨੂੰ ਕਿਹਾ ਗਿਆ ਹੈ, ਪਰ ਇਸਦੇ ਬਾਵਜੂਦ ਨਿਗਮ ਵਲੋਂ ਇਹਨਾਂ ਕੁੱਤਿਆਂ ਦੀ ਸਮੱਸਿਆ ਦੇ ਹਲ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਲੱਗਦਾ ਹੈ ਕਿ ਨਗਰ ਨਿਗਮ ਕਿਸੇ ਵੱਡੇ ਨੁਕਸਾਨ ਦੀ ਉਡੀਕ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਨਿਗਮ ਵਲੋਂ ਨਾ ਤਾਂ ਇਹਨਾਂ ਕੁੱਤਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇ ਨਗਰ ਨਿਗਮ ਵਲੋਂ ਸੈਕਟਰ 79 ਵਿਚ ਆਵਾਰਾ ਕੁੱਤਿਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਉਹ ਇਲਾਕਾ ਵਾਸੀਆਂ ਸਮੇਤ ਧਰਨਾ ਦੇਣਗੇ।

Leave a Reply

Your email address will not be published.