ਪ੍ਰਧਾਨ ਮੰਤਰੀ ਬਣਨ ਦੀ ਕੋਈ ਚਾਹਤ ਨਹੀਂ: ਨਿਤੀਸ਼ ਕੁਮਾਰ

ਪਟਨਾ, 12 ਅਗਸਤ (ਸ.ਬ.) ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ ਪਰ ਉਹ ਕੇਂਦਰ ਵਿੱਚ ਸੱਤਾਧਾਰੀ ਐਨਡੀਏ ਵਿਰੁੱਧ ਵਿਰੋਧੀ ਏਕਤਾ ਬਣਾਉਣ ਵਿੱਚ ‘ਸਕਾਰਾਤਮਕ’ ਭੂਮਿਕਾ ਨਿਭਾਅ ਸਕਦੇ ਹਨ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਕੀ ਬਿਹਾਰ ਦੇ ਲੋਕ ਇੱਕ ਦਿਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਦੇਖ ਸਕਦੇ ਹਨ?, ਦੇ ਜਵਾਬ ਵਿੱਚ ਨਿਤੀਸ਼ ਕੁਮਾਰ ਨੇ ਜ਼ੋਰ ਦੇ ਕੇ ਆਖਿਆ ਕਿ ਕਿਰਪਾ ਕਰਕੇ ਮੈਨੂੰ ਅਜਿਹੇ ਸਵਾਲ ਨਾ ਪੁੱਛੋ, ਮੈਂ ਕਈ ਵਾਰ ਕਿਹਾ ਹੈ ਕਿ ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ। ਮੈਂ ਆਪਣੇ ਰਾਜ ਦੀ ਸੇਵਾ ਕਰਨਾ ਚਾਹੁੰਦਾ ਹਾਂ।

ਵੱਖ-ਵੱਖ ਵਿਰੋਧੀ ਪਾਰਟੀਆਂ ਵਿੱਚ ਏਕਤਾ ਬਣਾਉਣ ਵਿੱਚ ਆਪਣੀ ਭੂਮਿਕਾ ਬਾਰੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਕੁਮਾਰ ਨੇ ਕਿਹਾ ਕਿ ਸਾਡੀ ਭੂਮਿਕਾ ਸਕਾਰਾਤਮਕ ਹੋਵੇਗੀ। ਮੈਨੂੰ ਕਈ ਟੈਲੀਫੋਨ ਆ ਰਹੇ ਹਨ। ਇਹ ਮੇਰੀ ਇੱਛਾ ਹੈ ਕਿ ਸਾਰੇ ਇਕੱਠੇ (ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਦੇ ਵਿਰੁੱਧ) ਹੋਣ। ਤੁਸੀਂ ਆਉਣ ਵਾਲੇ ਦਿਨਾਂ ਵਿੱਚ ਕੁਝ ਕਾਰਵਾਈ ਦੇਖੋਗੇ।

ਇਸ ਮੌਕੇ ਨਿਤੀਸ ਕੁਮਾਰ ਨੇ ਬਿਹਾਰ ਵਿੱਚ ਨਵੇਂ ਪ੍ਰਬੰਧ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ‘ਦੁਰਵਰਤੋਂ’ ਦੇ ਖਦਸ਼ੇ ਨੂੰ ਵੀ ਜਾਹਿਰ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੀ ਆਦਤ ਪਾਉਣ ਵਾਲਿਆਂ ਨੂੰ ਜਨਤਕ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published.