ਪ੍ਰਸ਼ਾਸ਼ਨ ਦੀ ਲਾਪਰਵਾਹੀ ਕਾਰਨ ਅਣਅਧਿਕਾਰਤ ਕਾਲੋਨੀਆਂ ਬਣਾ ਰਹੇ ਹਨ ਬਿਲਡਰ ਇੱਕੋ ਨਾਮ ਤੇ ਮਕਾਨਾਂ ਅਤੇ ਦੁਕਾਨਾਂ ਦੇ ਨਕਸ਼ੇ ਕਰਵਾ ਲਏ ਜਾਂਦੇ ਹਨ ਪਾਸ
ਖਰੜ, 22 ਸਤੰਬਰ (ਪਵਨ ਰਾਵਤ) ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਸਰਕਾਰ ਵਲੋਂ ਅਣਅਧਿਕਾਰਤ ਕਾਲੋਨੀਆਂ ਦੀ ਉਸਾਰੀ ਤੇ ਸਖਤੀ ਨਾਲ ਰੋਕ ਲਗਾਈ ਗਈ ਹੈ ਪਰੰਤੂ ਅਸਲੀਅਤ ਇਹ ਹੈ ਕਿ ਪ੍ਰਸ਼ਾਸ਼ਨ ਦੀ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਅਣਅਧਿਕਾਰਤ ਕਾਲੋਨੀਆਂ ਦਾ ਧੰਧਾ ਪੂਰੇ ਜੋਰਾਂ ਤੇ ਹੈ ਅਤੇ ਬਿਲਡਰਾਂ ਵਲੋਂ ਖਰੜ ਸ਼ਹਿਰ ਵਿੱਚ ਅੱਧ ਤੋਂ ਇੱਕ ਕਿੱਲਾ ਜਮੀਨ ਵਿੱਚ ਕਈ ਕਈ ਦੁਕਾਨਾਂ ਅਤੇ ਮਕਾਨ ਬਣਾ ਕੇ ਵੇਚੇ ਜਾ ਰਹੇ ਹਨ।
ਇਹ ਵਿਅਕਤੀ ਪਹਿਲਾਂ ਆਪਣੀ ਜਮੀਨ ਵਿੱਚ ਇਕੱਠੀਆਂ ਕਈ ਦੁਕਾਨਾਂ ਦਾ ਨਕਸ਼ਾ ਪਾਸ ਕਰਵਾਉਂਦੇ ਹਨ ਅਤੇ ਇਹ ਸਾਰੇ ਨਕਸ਼ੇ ਇੱਕ ਹੀ ਵਿਅਕਤੀ ਦੇ ਨਾਮ ਤੇ ਪਾਸ ਹੋ ਜਾਂਦੇ ਹਨ। ਇਸਤੋਂ ਬਾਅਦ ਦੁਕਾਨਾਂ ਦੇ ਪਿੱਛੇ ਬਚਦੀ ਥਾਂ ਵਿੱਚ ਮਕਾਨਾਂ ਦੇ ਨਕਸ਼ੇ ਬਣਾ ਲਏ ਜਾਂਦੇ ਹਨ ਅਤੇ ਬਾਅਦ ਵਿੱਚ ਇਹ ਦੁਕਾਨਾਂ ਅਤੇ ਮਕਾਨ ਖਰੀਦਦਾਰਾਂ ਨੂੰ ਵੇਚ ਦਿੱਤੇ ਜਾਂਦੇ ਹਨ।
ਅਜਿਹਾ ਕਰਨ ਵਾਲੇ ਇਹ ਬਿਲਡਰ ਖੁਦ ਤਾਂ ਮਹਿੰਗੀ ਕੀਮਤ ਤੇ ਦੁਕਾਨਾਂ ਅਤੇ ਮਕਾਨ ਵੇਚ ਕੇ ਮੋਟੀ ਰਕਮ ਕਮਾ ਲੈਂਦੇ ਹਨ ਪਰੰਤੂ ਇਹਨਾਂ ਮਕਾਨਾਂ ਅਤੇ ਦੁਕਾਨਾਂ ਵਾਸਤੇ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਨਹੀਂ ਕਰਵਾਈਆਂ ਜਾਂਦੀਆਂ। ਨਾ ਤਾਂ ਇਹਨਾਂ ਕਾਲੋਨੀਆਂ ਦਾ ਚੇਂਜ ਆਫ ਲੈਂਡ ਯੂਜ ਸਰਟੀਫਿਕੇਟ ਲਿਆ ਜਾਂਦਾ ਹੈ ਅਤੇ ਨਾ ਹੀ ਇਸਨੂੰ ਨਗਰ ਕੌਂਸਲ ਤੋਂ ਕਾਲੋਨੀ ਵਾਸਤੇ ਪਾਸ ਕਰਵਾਇਆ ਜਾਂਦਾ ਹੈ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਹ ਸਾਰਾ ਕੁੱਝ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ।
ਇਸ ਪੱਤਰਕਾਰ ਨੂੰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਰੜ ਸ਼ਹਿਰ ਵਿਚ ਝੁੰਗੀਆਂ ਰੋਡ ਉਤੇ ਕਮਿਊਨਟੀ ਸੈਂਟਰ ਦੇ ਨੇੜੇ ਅਜਿਹੇ ਹੀ ਇੱਕ ਬਿਲਡਰ ਵਲੋਂ ਦੁਕਾਨਾਂ ਅਤੇ ਮਕਾਨਾਂ ਦੇ ਰੂਪ ਵਿੱਚ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਅਕਤੀ ਵਲੋਂ ਨਾ ਤਾਂ ਆਪਣੀ ਜਮੀਨ ਦਾ ਸੀ ਐਲ ਯੂ ਸਰਟੀਫਿਕੇਟ ਹਾਸਿਲ ਕੀਤਾ ਗਿਆ ਅਤੇ ਨਾ ਹੀ ਇੱਥੇ ਕਾਲੋਨੀ ਦਾ ਕੋਈ ਬੋਰਡ ਆਦਿ ਹੀ ਲਗਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਾਲੋਨੀ ਦੇ ਮਾਲਕ ਵਲੋਂ ਅਪਰੈਲ 2022 ਵਿੱਚ ਇਕ ਹੀ ਨਾਮ ਤੇ 15 ਦੁਕਾਨਾਂ ਅਤੇ 20 ਰਿਹਾਇਸ਼ੀ ਪਲਾਟ ਨਗਰ ਕੌਂਸਿਲ ਤੋਂ ਪਾਸ ਕਰਵਾਏ ਸਨ ਜਦੋਂਕਿ ਸੂਤਰ ਦੱਸਦੇ ਹਨ ਕਿ ਹੋਏ ਹਨ ਸਰਕਾਰ ਦੀ ਪਾਲਸੀ ਅਨੁਸਾਰ ਇਸ ਤਰੀਕੇ ਨਾਲ ਇੱਕ ਹੀ ਨਾਮ ਤੇ ਇੰਨੀ ਵੱਡੀ ਗਿਣਤੀ ਵਿੱਚ ਮਕਾਨਾਂ ਅਤੇ ਦੁਕਾਨਾਂ ਦੇ ਨਕਸ਼ੇ ਪਾਸ ਨਹੀਂ ਕੀਤੇ ਜਾ ਸਕਦੇ।
ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾ ਨਗਰ ਕੌਂਸਲ਼ ਵਲੋਂ ਇਸ ਕਾਲੋਨੀ ਦਾ ਕੰਮ ਵੀ ਬੰਦ ਕਰਵਾ ਦਿੱਤਾ ਗਿਆ ਸੀ ਪਰੰਤੂ ਹੁਣ ਇਹ ਕੰਮ ਦੁਬਾਰਾ ਸ਼ੁਰੂ ਹੋ ਗਿਆ। ਇਸ ਸੰਬੰਧੀ ਨਗਰ ਜਾਣਕਾਰੀ ਮੰਗਣ ਤੇ ਕੌਂਸਲ ਦੇ ਅਧਿਕਾਰੀ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਨਕਸ਼ੇ ਪਾਸ ਹਨ।
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਕਿਹਾ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਇਸਦੀ ਜਾਂਚ ਕਰਵਾਉਣਗੇ। ਉਹਨਾਂ ਕਿਹਾ ਕਿ ਉਹ ਖੁਦ ਇਸ ਮਾਮਲੇ ਦੀ ਜਾਂਚ ਕਰਣਗੇ ਅਤੇ ਨਿਯਮਾਂ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੋਈ ਕੀਤੀ ਜਾਵੇਗੀ।