ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਵਲੋਂ ਸਕੱਤਰੇਤ ਪ੍ਰਸ਼ਾਸਨ ਨਾਲ ਅਹਿਮ ਬੈਠਕ

ਚੰਡੀਗੜ੍ਹ, 4 ਅਕਤੂਬਰ (ਸ.ਬ.) ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਆਗੂਆਂ ਅਤੇ ਸਕੱਤਰੇਤ ਪ੍ਰਸ਼ਾਸਨ ਵਿਚਾਲੇ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਵਿੱਚ ਮੁਲਾਜ਼ਮਾਂ ਦੇ ਕਈ ਮਸਲਿਆਂ ਬਾਰੇ ਗੰਭੀਰ ਚਰਚਾ ਹੋਈ। ਐਸੋਸੀਏਸ਼ਨ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ ਸ੍ਰੀ ਕੁਮਾਰ ਰਾਹੁਲ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਸਕੱਤਰੇਤ ਵਿੱਚ ਮੁਲਾਜ਼ਮਾਂ ਲਈ ਮੈਡੀਕਲ ਕੈਸ਼ਲੈੱਸ ਸਕੀਮ ਸ਼ੁਰੂ ਕਰਨ, ਮੁਲਾਜ਼ਮਾਂ ਦੀ ਸਹੂਲੀਅਤ ਲਈ ਸ਼ਿਮਲਾ ਵਿਖੇ ਸੀਡਾਰ ਸਰਕਟ ਹਾਊਸ ਚਾਲੂ ਕਰਨ, ਸਾਲ 2016 ਤੋਂ ਬਾਅਦ ਭਰਤੀ ਹੋਏ ਅਤੇ ਸਤੰਬਰ 2021 ਤੋਂ ਪਹਿਲਾਂ ਪ੍ਰਮੋਟ ਹੋਏ ਸੀਨੀਅਰ ਸਹਾਇਕਾਂ ਨੂੰ 15 ਫ਼ੀਸਦੀ ਦਾ ਲਾਭ ਦੇਣ, ਸਕੱਤਰੇਤ ਦੇ ਮੁਲਾਜ਼ਮਾਂ ਵਾਸਤੇ ਸਰਕਾਰੀ ਮਕਾਨਾਂ ਲਈ ਫਿਕਸ ਕੋਟਾ ਨਿਰਧਾਰਿਤ ਕਰਨ, ਸਕੱਤਰੇਤ ਵਿੱਚ ਕੰਟੀਨਾਂ ਦਾ ਸੁਧਾਰ ਕਰਨ, ਸਕੱਤਰੇਤ ਵਿੱਚ ਕਲਰਕਾਂ ਦੀ ਤੁਰੰਤ ਭਰਤੀ ਕਰਨ, ਸਕੱਤਰੇਤ ਦੇ ਦਰਜਾ-4 ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰਨ, ਚੌਂਕੀਦਾਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਅਤੇ ਹੋਰ ਮਸਲਿਆਂ ਬਾਰੇ ਚਰਚਾ ਕੀਤੀ ਗਈ।

ਉਹਨਾਂ ਦੱਸਿਆ ਕਿ ਸ੍ਰੀ ਕੁਮਾਰ ਰਾਹੁਲ ਕੋਲ ਮੁਲਾਜ਼ਮਾਂ ਦੇ ਰਹਿੰਦੇ 6 ਫੀਸਦੀ ਡੀ. ਏ. ਬਾਰੇ ਵੀ ਮੰਗ ਉਠਾਈ ਗਈ। ਸਕੱਤਰ ਅਤੇ ਸਮੂਹ ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਉਪਰੋਕਤ ਸਮੂਹ ਮੰਗਾਂ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਦਿਆਂ ਹਰ ਮਸਲੇ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਸਕੱਤਰ ਨੇ ਇਨ੍ਹਾਂ ਮੰਗਾਂ ਬਾਰੇ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੀਨੀਅਰ ਆਗੂ ਸ੍ਰੀ ਸੁਸ਼ੀਲ ਕੁਮਾਰ, ਮਿਥੁਨ ਚਾਵਲਾ, ਸੰਦੀਪ ਕੁਮਾਰ, ਅਮਰਵੀਰ ਸਿੰਘ ਗਿੱਲ, ਸਾਹਿਲ ਸ਼ਰਮਾ ਅਤੇ ਦਰਜਾ-4 ਕਰਮਚਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਬਲਰਾਜ ਸਿੰਘ ਸ਼ਾਮਿਲ ਸਨ।