ਫੇਜ਼ 4 ਵਿੱਚ ਤਿੰਨ ਮਹੀਨੇ ਪਹਿਲਾਂ ਧਸੀ ਜ਼ਮੀਨ ਦੀ ਹੁਣ ਤੱਕ ਨਹੀਂ ਹੋਈ ਮੁਰੰਮਤ ਮਕਾਨ ਮਾਲਕ ਨੇ ਠੇਕੇਦਾਰ ਤੇ ਵਿਚਾਲੇ ਕੰਮ ਛੱਡਣ ਦਾ ਇਲਜ਼ਾਮ ਲਗਾਇਆ

ਐਸ. ਏ. ਐਸ. ਨਗਰ, 4 ਅਕਤੂਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 4 ਵਿੱਚ ਤਿੰਨ ਕੁ ਮਹੀਨੇ ਪਹਿਲਾਂ ਬਰਸਾਤ ਪੈਣ ਕਾਰਨ ਕੋਠੀਆਂ ਦੇ ਅੱਗੇ ਦੀ ਸੜਕ ਦੇ ਨਾਲ ਲੱਗਦੀ ਜਮੀਨ ਧਸ ਗਈ ਸੀ ਜਿਸ ਕਾਰਨ ਉੱਥੇ ਪਾੜ ਪੈ ਗਿਆ ਸੀ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਸਹਿਣੀ ਪਈ ਸੀ।

ਇਸ ਦੌਰਾਨ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਸਮੇਤ ਨਿਗਮ ਦੇ ਹੋਰਨਾਂ ਅਧਿਕਾਰੀਆਂ ਵਲੋਂ ਇਸ ਥਾਂ ਦਾ ਦੌਰਾ ਵੀ ਕੀਤਾ ਗਿਆ ਸੀ ਅਤੇ ਨਗਰ ਨਿਗਮ ਵਲੋਂ ਇੱਸ ਥਾਂ ਦੀ ਮੁਰੰਮਤ ਦਾ ਕੰਮ ਵੀ ਆਰੰਭ ਕੀਤਾ ਗਿਆ ਸੀ। ਨਿਗਮ ਵਲੋਂ ਜਿਸ ਠੇਕੇਦਾਰ ਨੂੰ ਇੱਥੋਂ ਦਾ ਕੰਮ ਅਲਾਟ ਕੀਤਾ ਗਿਆ ਸੀ ਉਸ ਵਲੋਂ ਇਸ ਖੇਤਰ ਦਾ ਕਾਫੀ ਕੰਮ ਤਾਂ ਕਰ ਦਿੱਤਾ ਗਿਆ ਪਰੰਤੂ ਫੇਜ਼ 4 ਦੀ ਕੋਠੀ ਨੰਬਰ 596 ਦੇ ਅੱਗੇ ਠੇਕੇਦਾਰ ਨੇ ਕੰਮ ਛੱਡ ਦਿੱਤਾ ਅਤੇ ਉੱਥੇ ਹਾਲਾਤ ਹੁਣੇ ਵੀ ਪਹਿਲਾਂ ਵਰਗੇ ਹੀ ਬਣੇ ਹੋਏ ਹਨ।

ਕੋਠੀ ਦੇ ਮਾਲਕ ਡਾ ਹਰਜਿੰਦਰ ਸਿੰਘ ਹੈਰੀ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਅੱਗੇ ਬਹੁਤ ਜ਼ਿਆਦਾ ਜ਼ਮੀਨ ਦੱਸੀ ਹੋਈ ਹੈ। ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਇੱਥੇ ਹੀ ਜ਼ਮੀਨ ਧਸੀ ਸੀ। ਉਹਨਾਂ ਕਿਹਾ ਕਿ ਕੰਮ ਕਰਨ ਦੇ ਦੌਰਾਨ ਉਹਨਾਂ ਨੇ ਠੇਕੇਦਾਰ ਨੂੰ ਕਿਹਾ ਸੀ ਕਿ ਉਹ ਥੋੜ੍ਹਾ ਅੱਗੇ ਵੀ ਚੈਕ ਕਰ ਲਵੇ ਤਾਂ ਕਿ ਫਿਰ ਦੁਬਾਰਾ ਕੋਈ ਨੁਕਸਾਨ ਨਾ ਹੋਵੇ। ਉਹਨਾਂ ਕਿਹਾ ਕਿ ਠੇਕੇਦਾਰ ਵਲੋਂ ਇੱਕੇ ਪੁਰਾਣੀਆਂ ਟਾਈਲਾਂ ਹੀ ਲਗਾਈਆਂ ਜਾ ਰਹੀਆਂ ਸਨ ਅਤੇ ਜਦੋਂ ਉਨ੍ਹਾਂ ਠੇਕੇਦਾਰ ਦੇ ਬੰਦਿਆਂ ਨੂੰ ਕਿਹਾ ਕਿ ਜੇਕਰ ਪੁਰਾਣੀ ਹੀ ਟਾਈਲ ਲਗਾਉਣੀ ਹੈ ਤਾਂ ਚੰਗੀ ਤਰ੍ਹਾਂ ਚੈੱਕ ਕਰ ਲਓ ਤਾਂ ਕੇ ਇਹ ਥਾਂ ਗੱਡੀ ਖੜ੍ਹਣ ਨਾਲ ਕਿਤੇ ਹੋਰ ਜ਼ਿਆਦਾ ਨਾ ਫਿਰ ਧਸ ਜਾਵੇ ਪਰੰਤੂ ਠੇਕੇਦਾਰ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕੰਮ ਵੀ ਵਿਚਾਲੇ ਛੱਡ ਕੇ ਚਲਾ ਗਿਆ। ਉਹਨਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਵਲੋਂ ਵਾਰਡ ਦੀ ਕੌਂਸਲਰ ਬੀਬੀ ਦਵਿੰਦਰ ਵਾਲੀਆ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਹੈ ਪਰੰਤੂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ।

ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਕੋਠੀ ਨੰਬਰ 596 ਦੇ ਅੱਗੇ ਦਾ ਫੁੱਟਪਾਥ ਦਾ ਕੰਮ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਕਿ ਅੱਗੇ ਕੋਈ ਹੋਰ ਨੁਕਸਾਨ ਨਾ ਹੋਵੇ ਅਤੇ ਜੇਕਰ ਉਹਨਾਂ ਦੇ ਮਕਾਨ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।

ਉਨ੍ਹਾ ਕਿਹਾ ਕਿ ਤਿਉਹਾਰ ਦਾ ਸਮਾਂ ਹੈ ਅਤੇ ਅੱਜਕੱਲ ਮਹਿਮਾਨਾਂ ਦੀ ਆਵਾਜਾਈ ਵੀ ਰਹਿੰਦੀ ਹੈ ਪਰੰਤੂ ਨਗਰ ਨਿਗਮ ਵਲੋਂ ਇਸ ਥਾਂ ਦੀ ਮੁਰੰਮਤ ਨਾ ਕਰਵਾਏ ਜਾਣ ਕਾਰਨ ਉਹਨਾਂ ਨੂੰ ਨਮੋਸ਼ੀ ਸਹਿਣੀ ਪੈਂਦੀ ਹੈ। ਉਹਨਾਂ ਕਿਹਾ ਕਿ ਜੇਕਰ ਨਗਰ ਨਿਗਮ ਕੰਮ ਨਹੀਂ ਕਰਵਾਉਣਾ ਚਾਹੁੰਦੀ ਤਾਂ ਉਹ ਖੁਦ ਕਰਵਾ ਲੈਣਗੇ।

ਇਸ ਸੰਬੰਧ ਵਿਚ ਫੇਸ 4 ਵਾਰਡ ਨੰਬਰ 3 ਦੇ ਐੱਮ ਸੀ ਦਵਿੰਦਰ ਵਾਲੀਆ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਕਾਇਮ ਨਹੀਂ ਹੋਇਆ।