ਪੰਜਾਬ ਪੁਲੀਸ ਵੱਲੋਂ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਨਾਰਕੋ-ਅੱਤਵਾਦ ਮਾਡਿਊਲ ਦਾ ਪਰਦਾਫਾਸ਼ ਟਿਫਿਨ ਬੰਬ, 2 ਏ.ਕੇ.56 ਰਾਈਫਲਾਂ, 2 ਕਿਲੋ ਹੈਰੋਇਨ ਸਮੇਤ ਸੰਚਾਲਕ ਗ੍ਰਿਫ਼ਤਾਰ

ਚੰਡੀਗੜ੍ਹ, 4 ਅਕਤੂਬਰ (ਸ.ਬ.) ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਨੂੰ ਹੋਰ ਤੇਜ਼ ਕਰਨ ਨਾਲ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਆਈ. ਐੱਸ. ਆਈ. ਅਧਾਰਿਤ ਨਾਰਕੋ-ਅੱਤਵਾਦ ਮਾਡਿਊਲ ਦਾ ਪਰਦਾਫਾਸ਼ ਕਰਕੇ ਇਸ ਦੇ ਮੁੱਖ ਸੰਚਾਲਕ ਨੂੰ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਡਾਇਰੈਕਟਰ ਜਨਰਲ ਆਫ਼ ਪੁਲੀਸ ਪੰਜਾਬ, ਗੌਰਵ ਯਾਦਵ ਨੇ ਦੱਸਿਆ ਕਿ ਇਹ ਮਾਡਿਊਲ ਕੈਨੇਡਾ ਅਧਾਰਿਤ ਲਖਬੀਰ ਸਿੰਘ ਉਰਫ ਲੰਡਾ, ਪਾਕਿਸਤਾਨ ਅਧਾਰਿਤ ਹਰਵਿੰਦਰ ਸਿੰਘ ਰਿੰਦਾ ਅਤੇ ਇਟਲੀ ਅਧਾਰਿਤ ਹਰਪ੍ਰੀਤ ਸਿੰਘ ਉਰਫ ਹੈਪੀ ਵੱਲੋਂ ਸਾਂਝੇ ਤੌਰ ਤੇ ਚਲਾਇਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਤਰਨਤਾਰਨ ਦੇ ਪਿੰਡ ਰਾਜੋਕੇ ਵਾਸੀ ਯੋਗਰਾਜ ਸਿੰਘ ਉਰਫ ਯੋਗ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲੀਸ ਨੇ ਮਾਡਿਊਲ ਦੇ ਪੰਜ ਹੋਰ ਸੰਚਾਲਕਾਂ ਦੀ ਵੀ ਸ਼ਨਾਖਤ ਕੀਤੀ ਹੈ, ਜੋ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਮਾਡਿਊਲ ਨਾਲ ਜੁੜੇ ਹੋਏ ਹਨ। ਉਹਨਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਆਰਡੀਐਕਸ ਲੋਡ ਟਿਫਿਨ ਬਾਕਸ, ਜਿਸ ਨੂੰ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਜਾਂ ਟਿਫਿਨ ਬੰਬ ਬਣਾਇਆ ਗਿਆ ਸੀ, ਦੋ ਆਧੁਨਿਕ ਏ.ਕੇ.56 ਅਸਾਲਟ ਰਾਈਫਲਾਂ ਸਮੇਤ ਦੋ ਮੈਗਜ਼ੀਨਾਂ ਅਤੇ 30 ਜ਼ਿੰਦਾ ਕਾਰਤੂਸ, ਇੱਕ .30 ਬੋਰ ਦਾ ਪਿਸਤੌਲ ਸਮੇਤ 6 ਜਿੰਦਾ ਕਾਰਤੂਸ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਯੋਗਰਾਜ ਇਸ ਮਾਡਿਊਲ ਦਾ ਮੁੱਖ ਸੰਚਾਲਕ ਹੈ ਅਤੇ ਉਹ ਸੂਬਾ ਪੁਲੀਸ ਅਤੇ ਕੇਂਦਰੀ ਇਨਫੋਰਸਮੈਂਟ ਏਜੰਸੀਆਂ ਨੂੰ ਸਤੰਬਰ 2019 ਵਿੱਚ ਤਰਨਤਾਰਨ ਵਿੱਚ ਪੰਜ ਏਕੇ-47 ਅਸਾਲਟ ਰਾਈਫਲਾਂ ਜ਼ਬਤ ਕਰਨ ਦੇ ਮਾਮਲੇ ਸਮੇਤ ਘੱਟੋ-ਘੱਟ ਪੰਜ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ-ਵਿਸਫੋਟਕ ਸਮੱਗਰੀ-ਨਸ਼ੇ ਦੀ ਤਸਕਰੀ ਸਬੰਧੀ ਸਰਹੱਦੋਂ ਪਾਰ ਦੀਆਂ ਕਾਰਵਾਈਆਂ ਅੱਤਵਾਦੀ/ਗੈਂਗਸਟਰ ਲੰਡਾ, ਰਿੰਦਾ ਅਤੇ ਹੈਪੀ ਤੇ ਜੇਲ੍ਹ ਵਿੱਚ ਬੰਦ ਸਮੱਗਲਰ ਗੁਰਪਵਿਤਰ ਉਰਫ਼ ਸਾਈਂ ਵਾਸੀ ਲਖਨਾ, ਤਰਨਤਾਰਨ ਦੇ ਨਿਰਦੇਸ਼ਾਂ ਤੇ ਯੋਗਰਾਜ ਵੱਲੋਂ ਕੀਤੀਆਂ ਜਾਂਦੀਆਂ ਸਨ। ਯੋਗਰਾਜ ਵੱਡੇ ਪੱਧਰ ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਅਤੇ ਅੱਗੇ ਡਿਲਿਵਰੀ ਲਈ ਸਰਗਰਮ ਸੀ।

ਐਸ. ਐਸ. ਪੀ.ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਲੰਡਾ-ਰਿੰਡਾ ਅੱਤਵਾਦੀ ਮਾਡਿਊਲ ਦੇ ਮੈਂਬਰਾਂ ਦਾ ਪਰਦਾਫਾਸ਼ ਕਰਨ ਲਈ ਵੱਡੀ ਕਾਰਵਾਈ ਕੀਤੀ ਹੈ। ਪੁਲੀਸ ਨੇ ਮੌਜੂਦਾ ਮਾਡਿਊਲ ਦੇ ਪੰਜ ਸੰਚਾਲਕਾਂ ਦੀ ਪਛਾਣ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਹਨਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਹਥਿਆਰਾਂ ਅਤੇ ਵਿਸਫੋਟਕਾਂ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।