ਦਿੱਲੀ ਆਬਕਾਰੀ ਨੀਤੀ : ਈ. ਡੀ. ਨੇ ਕਾਰੋਬਾਰੀ ਅਮਿਤ ਅਰੋੜਾ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 30 ਨਵੰਬਰ (ਸ.ਬ.)ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਆਪਣੀ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ਵਿੱਚ ਇਕ ਹੋਰ ਕਾਰੋਬਾਰੀ ਅਮਿਤ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਰੋੜਾ ਗੁਰੂਗ੍ਰਾਮ ਸਥਿਤ ‘ਬਡੀ ਰਿਟੇਲ ਪ੍ਰਾਈਵੇਟ ਲਿਮਟਿਡ’ ਦੇ ਡਾਇਰੈਕਟਰ ਹਨ। ਈ.ਡੀ. ਵਲੋਂ ਇਹ 6ਵੀਂ ਗ੍ਰਿਫ਼ਤਾਰੀ ਹੈ। ਸੂਤਰਾਂ ਅਨੁਸਾਰ, ਅਰੋੜਾ ਨੂੰ ਬੀਤੀ ਰਾਤ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੀਆਂ ਅਪਰਾਧਕ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਰੋੜਾ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਜਿੱਥੇ ਜਾਚ ਏਜੰਸੀ ਉਨ੍ਹਾਂ ਦੀ ਹਿਰਾਸਤ ਲਈ ਅਪੀਲ ਕਰੇਗੀ। ਈ.ਡੀ. ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਸੀ। ਸੀ.ਬੀ.ਆਈ. ਨੇ ਮਾਮਲੇ ਵਿੱਚ ਹਾਲ ਹੀ ਵਿੱਚ ਦਾਇਰ ਦੋਸ਼ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਅਮਿਤ ਅਰੋੜਾ ਅਤੇ 2 ਹੋਰ ਦੋਸ਼ੀ ਦਿਨੇਸ਼ ਅਰੋੜਾ ਅਤੇ ਅਰਜੁਨ ਪਾਂਡੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਕਰੀਬੀ ਸਹਿਯੋਗੀ ਹਨ ਅਤੇ ਉਹ ਦੋਸ਼ੀ ਲੋਕ ਸੇਵਕਾਂ ਲਈ ਸ਼ਰਾਬ ਲਾਇਸੈਂਸ ਧਾਰੀਆਂ ਤੋਂ ਜੁਟਾਏ ਗਏ ਪੈਸੇ ਦੇ ਗੈਰ-ਕਾਨੂੰਨੀ ਵਿੱਤੀ ਪ੍ਰਬੰਧਨ ਅਤੇ ਹੇਰਾ-ਫੇਰੀ ਕਰਨ ਵਿੱਚ ਸਰਗਰਮ ਰੂਪ ਨਾਲ ਸ਼ਾਮਲ ਸਨ। ਈ.ਡੀ. ਨੇ ਪਿਛਲੇ ਹਫ਼ਤੇ ਇਸ ਮਾਮਲੇ ਵਿੱਚ ਆਪਣਾ ਪਹਿਲਾ ਦੋਸ਼ ਪੱਤਰ (ਇਸਤਗਾਸਾ ਪੱਖ ਸ਼ਿਕਾਇਤ) ਵੀ ਦਾਇਰ ਕੀਤੀ ਸੀ, ਜਿਸ ਵਿੱਚ ਗ੍ਰਿਫ਼ਤਾਰ ਵਪਾਰੀ ਸਮੀਰ ਮਹੇਂਦਰੂ ਅਤੇ ਕੁਝ ਇਕਾਈਆਂ ਨੂੰ ਨਾਮਜ਼ਦ ਕੀਤਾ ਗਿਆ ਹੈ।