ਸ਼ਾਸਤਰੀ ਮਾਡਲ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਸ਼ਾਸਤਰੀ ਮਾਡਲ ਸਕੂਲ ਫੇਜ਼-1 ਮੁਹਾਲੀ ਵਲੋਂ ਸਕੂਲ ਵਿਦਿਆਰਥੀਆਂ ਦਾ ਅਮ੍ਰਿਤਸਰ ਅਤੇ ਜਲੰਧਰ ਦਾ ਵਿਦਿਅਕ ਟੂਰ ਆਯੋਜਿਤ ਕੀਤਾ ਗਿਆ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀ ਪਹਿਲਾਂ ਜਲੰਧਰ ਵਿਖੇ ਹਵੇਲੀ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਪੁਰਾਤਨ ਸੱਭਿਆਚਾਰ ਨੂੰ ਸੰਭਾਲੀ ਹਵੇਲੀ ਵਿੱਚ ਵੱਖ-ਵੱਖ ਪ੍ਰਕਾਰ ਦੇ ਚਿੱਤਰ ਤੇ ਨਮੂਨੇ ਵੇਖੇ।

ਇਸ ਉਪਰੰਤ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਵਿਦਿਆਰਥੀ ਸਭ ਤੋਂ ਪਹਿਲਾਂ ਜਲ੍ਹਿਆਂਵਾਲੇ ਬਾਗ ਪਹੁੰਚੇ ਜਿੱਥੇ ਟੂਰ ਦੇ ਨਾਲ ਗਏ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇੱਥੇ 13 ਅਪ੍ਰੈਲ 1919 ਵਿੱਚ ਹੋਏ ਖੂਨੀ ਸਾਕੇ ਬਾਰੇ ਪੂਰੀ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਨੇ ਜਨਰਲ ਡਾਇਰ ਵੱਲੋਂ ਨਿਹੱਥੇ ਲੋਕਾਂ ਤੇ ਕੀਤੇ ਕਤਲੇਆਮ ਨਾਲ ਸੰਬੰਧਿਤ ਗੋਲੀਆਂ ਦੇ ਨਿਸ਼ਾਨ ਆਦਿ ਵੇਖੇ। ਇਸ ਉਪਰੰਤ ਵਿਦਿਆਰਥੀਆਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਪ੍ਰਸ਼ਾਦ ਲੈਣ ਤੋਂ ਬਾਅਦ ਸਭ ਨੇ ਮਿਲ ਕੇ ਲੰਗਰ ਛਕਿਆ। ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ। ਜਿਸ ਦਾ ਉਪਦੇਸ਼ ਸੀ ਕਿ ਸਭ ਧਰਮਾਂ ਦਾ ਸਾਂਝਾ ਦਰਬਾਰ। ਸ੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਦਰਵਾਜੇ ਵੀ ਹਨ।

ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਬਾਬਾ ਬੁੱਢਾ ਜੀ ਦੀ ਬੇਰੀ ਅਤੇ ਦੁੱਖ ਭੰਜਨੀ ਬੇਰੀ ਦਾ ਵੀ ਇਤਿਹਾਸ ਦੱਸਿਆ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਤੇ ਸੋਨੇ ਦੀ ਸਭ ਤੋਂ ਵੱਡੀ ਸੇਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ ਹੈ।

ਇਸ ਤੋਂ ਬਾਅਦ ਬੱਚਿਆਂ ਨੇ ਬਾਜ਼ਾਰ ਵਿੱਚ ਘੁੰਮ ਕੇ ਆਪਣੀ ਮੰਨ ਪਸੰਦ ਵਸਤੂਆਂ ਖਰੀਦੀਆਂ। ਫਿਰ ਵਿਦਿਆਰਥੀਆਂ ਨੂੰ ਅਟਾਰੀ ਬਾਰਡਰ ਵੱਲ ਲਿਜਾਇਆ ਗਿਆ। ਜਿੱਥੇ ਉਹਨਾਂ ਨੇ ਸ਼ਾਮ ਦੇ 5:00 ਵਜੇ ਰੀਟਰੀਟ ਸੈਰੇਮਨੀ ਵੇਖੀ। ਵਿਦਿਆਰਥੀਆਂ ਨੇ ਬੀ ਐਸ ਐਫ ਦੇ ਨੌਜਵਾਨਾਂ ਦਾ ਦੇਸ਼ ਪ੍ਰਤੀ ਜੋਸ਼ ਵੇਖਿਆ ਤੇ ਆਪਣੇ ਅੰਦਰ ਵੀ ਦੇਸ਼ ਪ੍ਰਤੀ ਕੁਝ ਕਰਨ ਦਾ ਜ਼ਜਬਾ ਪੈਦਾ ਕੀਤਾ। ਵਿਦਿਆਰਥੀਆਂ ਨੇਬੀ ਐਸ ਐਫ ਦੇ ਨੌਜਵਾਨ ਨੂੰ ਮਿਲ ਕੇ ਉਹਨਾਂ ਗੱਲਬਾਤ ਵੀ ਕੀਤੀ।

ਉਸ ਉਪਰੰਤ ਬੱਚੇ ‘ਸਾਡਾ ਪਿੰਡ’ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਦੇ ਪਿੰਡ ਦਾ ਪੂਰਾ ਹੂ-ਬ-ਹੂ ਆਨੰਦ ਮਾਣਿਆ। ਵਿਦਿਆਰਥੀਆਂ ਨੇ ਉੱਥੇ ਪੰਜਾਬ ਦੀ ਮਸ਼ਹੂਰ ਮੱਕੀ ਦੀ ਰੋਟੀ ਅਤੇ ਸਾਗ, ਲੱਸੀ ਅਤੇ ਬਾਜਰੇ ਦੀ ਖਿੱਚੜੀ ਦਾ ਸੁਆਦ ਲਿਆ। ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ, ਝੂਲਿਆਂ, ਗੇਮਾਂ, ਜਾਦੂਗਰ, ਕੱਠਪੁੱਤਲੀ, ਗੱਤਕਾ, ਮੌਤ ਦਾ ਖੂਹ ਆਦਿ ਖੇਡਾਂ ਵੇਖੀਆਂ। ਫਿਰ ਰਾਤ ਦਾ ਖਾਣਾ ਖਾਣ ਉਪਰੰਤ ਵਿਦਿਆਰਥੀ ਸ੍ਰੀ ਦਰਬਾਰ ਸਾਹਿਬ ਵਿਖੇ ਦੁਬਾਰਾ ਪਹੁੰਚੇ। ਉੱਥੇ ਪਹੁੰਚ ਕੇ ਬੱਚਿਆਂ ਨੇ ਰਾਤ ਵਿੱਚ ਦਿਨ ਵਰਗੀ ਰੌਸ਼ਨੀ ਵੇਖੀ। ਰਾਤ ਦੇ 1:00 ਵਜੇ ਵਿਦਿਆਰਥੀ ਵਾਪਸੀ ਲਈ ਬੱਸ ਰਾਹੀਂ ਰਵਾਨਾ ਹੋ ਗਏ ਅਤੇ ਸਵੇਰੇ 5:00 ਵਜੇ ਸਕੂਲ ਵਾਪਿਸ ਪਹੁੰਚੇ।