ਐਸ ਡੀ ਐਮ ਖਰੜ ਵਲੋਂ ਨਾਜਾਇਜ਼ ਮਾਈਨਿੰਗ ਤੇ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ਤੇ ਅਚਨਚੇਤ ਚੈਕਿੰਗ

ਖਰੜ, 3 ਦਸੰਬਰ (ਸ.ਬ.) ਖਰੜ ਦੇ ਉਪ ਮੰਡਲ ਮੈਜਿਸਟ੍ਰੇਟ ਸz. ਰਵਿੰਦਰ ਸਿੰਘ ਵਲੋਂ ਮਾਈਨਿੰਗ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਬ ਡਵੀਜ਼ਨ ਖਰੜ ਦੀਆਂ ਵੱਖ-ਵੱਖ ਥਾਵਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਖਰੜ ਰਵਿੰਦਰ ਸਿੰਘ ਨੇ ਕਿਹਾ ਕਿ ਸਬ ਡਵੀਜ਼ਨ ਖਰੜ ਤਹਿਤ ਪੈਂਦੇ ਖੇਤਰਾਂ ਵਿਚ ਕਿਸੇ ਥਾਂ ਤੇ ਨਾਜਾਇਜ਼ ਮਾਈਨਿੰਗ ਹੁੰਦੀ ਹੈ ਜਾਂ ਫਿਰ ਕੋਈ ਬਿਨਾਂ ਪ੍ਰਵਾਨਗੀ ਤੋਂ ਨਾਜਾਇਜ਼ ਤੌਰ ਤੇ ਕਰੈਸ਼ਰ ਚਲਾਉਦਾ ਹੈ ਤਾਂ ਉਸਦੇ ਖਿਲਾਫ ਐਫ. ਆਈ. ਆਰ. ਦਰਜ਼ ਹੋਵੇਗੀ ਅਤੇ ਸਮਾਨ ਵੀ ਜ਼ਬਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਦੱਸਿਆ ਕਿ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸਖਤ ਹਦਾਇਤਾਂ ਹਨ ਕਿ ਕਿਤੇ ਵੀ ਨਾਜਾਇਜ਼ ਮਾਈਨਿੰਗ ਨਾ ਹੋਣ ਦਿੱਤੀ ਜਾਵੇ ਅਤੇ ਨਾ ਹੀ ਨਾਜਾਇਜ਼ ਤੌਰ ਤੇ ਕਰੈਸ਼ਰ ਚੱਲਣ ਦਿੱਤੇ ਜਾਣ। ਉਨ੍ਹਾਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਅਤੇ ਨਾਜਾਇਜ਼ ਤੌਰ ਤੇ ਕਰੈਸ਼ਰ ਚਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਹ ਕੰਮ ਤੁਰੰਤ ਬੰਦ ਕਰ ਕਰਨ। ਅਗਰ ਚੈਕਿੰਗ ਦੌਰਾਨ ਇਹ ਪਾਇਆ ਜਾਂਦਾ ਹੈ ਤਾਂ ਕਰੈਸ਼ਰਾਂ ਦੀ ਮਸ਼ਨੀਰੀ ਨੂੰ ਜ਼ਬਤ ਕਰਨ ਤੋਂ ਇਲਾਵਾ ਸਬੰਧਿਤ ਵਿਅਕਤੀਆਂ ਦੇ ਖਿਲਾਫ ਐਫ. ਆਈ. ਦਰਜ਼ ਹੋਵੇਗੀ ਅਤੇ ਨਾਜਾਇਜ਼ ਕਰੈਸਰ ਦਾ ਸਮਾਨ ਵੀ ਜ਼ਬਤ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ.ਮੁੱਲਾਂਪੁਰ ਗਰੀਬ ਦਾਸ ਧਰਮਵੀਰ ਸਿੰਘ, ਥਾਣਾ ਮਾਜਰੀ ਦੇ ਐਸ. ਐਚ. ਓ. ਹਿੰਮਤ ਸਿੰਘ, ਐਸ. ਡੀ. ਓ. ਮਾਈਨਿੰਗ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।