ਦੁਕਾਨਦਾਰਾਂ ਨੇ ਸ਼ੋਰੂਮਾਂ ਦੇ ਪਿਛਲੇ ਪਾਸੇ ਅਣਅਧਿਕਾਰਤ ਉਸਾਰੀਆਂ ਕਰਕੇ ਅਤੇ ਕਮਰੇ ਬਣਾ ਕੇ ਕੀਤੇ ਨਾਜਾਇਜ਼ ਕਬਜੇ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਨਗਰ ਨਿਗਮ ਮੁਹਾਲੀ ਦੀ ਨਾਜਾਇਜ਼ ਕਬਜੇ ਹਟਾਉ ਟੀਮ ਵਲੋਂ ਅਕਸਰ ਕਾਰਵਾਈ ਕਰਕੇ ਦੁਕਾਨਾਂ ਅੱਗੇ ਰੱਖਿਆ ਸਮਾਨ ਅਤੇ ਪਾਰਕਿੰਗਾਂ ਵਿੱਚ ਲਗੀਆਂ ਰੇਹੜੀਆਂ ਫੜੀਆਂ ਚੁਕਵਾ ਦਿੱਤੀਆਂ ਜਾਂਦੀਆਂ ਹਨ ਪਰ ਦੁਕਾਨਦਾਰਾਂ ਵਲੋਂ ਸ਼ੋਅਰੂਮਾਂ ਦੇ ਪਿਛਲੇ ਪਾਸੇ ਕੀਤੇ ਹੋਏ ਨਾਜਾਇਜ਼ ਕਬਜੇ ਹਟਾਉਣ ਵਲ ਨਾ ਤਾਂ ਕਦੇ ਨਿਗਮ ਨੇ ਧਿਆਨ ਦਿੱਤਾ ਹੈ ਅਤੇ ਨਾ ਹੀ ਗਮਾਡਾ ਨੇ ਇਹਨਾਂ ਨਾਜਾਇਜ਼ ਕਬਜਿਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਹੈ, ਜਿਸ ਕਾਰਨ ਮੁਹਾਲੀ ਵਿੱਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਪਿਛਲੇ ਪਾਸੇ ਕੀਤੇ ਜਾਣ ਵਾਲੇ ਨਾਜਾਇਜ਼ ਕਬਜਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ।

ਹਾਲਾਤ ਇਹ ਹਨ ਕਿ ਜਿਆਦਾਤਰ ਸ਼ੋਅਰੂਮ ਮਾਲਕਾਂ ਨੇ ਆਪਣੀਆਂ ਦੁਕਾਨਾਂ ਦੇ ਪਿਛਲੇ ਪਾਸੇ ਟੀਨਾਂ ਦੇ ਕਮਰੇ ਬਣਾ ਲਏ ਹਨ, ਜਿਹਨਾਂ ਨੂੰ ਪੌੜੀਆਂ ਵੀ ਬਾਹਰ ਸੜਕ ਤੋਂ ਲਗਾਈਆਂ ਹੋਈਆਂ ਹਨ। ਦੁਕਾਨਦਾਰਾਂ ਵਲੋਂ ਟੀਨ ਦੀਆਂ ਚਾਦਰਾਂ ਨਾਲ ਬਣਾਏ ਇਹਨਾਂ ਕਮਰਿਆਂ ਵਿੱਚ ਵਪਾਰਕ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਪਿਛਲੇ ਪਾਸੇ ਜਨਰੇਟਰ ਅਤੇ ਹੋਰ ਸਮਾਨ ਰੱਖ ਕੇ ਕਬਜੇ ਕੀਤੇ ਹੋਏ ਹਨ। ਹਲਵਾਈਆਂ ਅਤੇ ਢਾਬੇ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੇ ਪਿਛਲੇ ਪਾਸੇ ਤੰਦੂਰ, ਪਾਣੀ ਵਾਲੀਆਂ ਟੈਂਕੀਆਂ ਅਤੇ ਹੋਰ ਸਮਾਨ ਪੱਕੇ ਤੌਰ ਤੇ ਰਖੇ ਹੋਏ ਹਨ।

ਸ਼ੋਅਰੂਮ ਦੇ ਪਿਛਲੇ ਪਾਸੇ ਕਮਰੇ ਬਣਾ ਕੇ ਕੀਤੇ ਗਏ ਨਾਜਾਇਜ਼ ਕਬਜਿਆਂ ਵਿਚ ਜਿਆਦਾਤਰ ਖਾਣ ਪੀਣ ਦਾ ਸਮਾਨ ਵੇਚਿਆ ਜਾਂਦਾ ਹੈ, ਜਿਸ ਕਾਰਨ ਇਹਨਾਂ ਦੁਕਾਨਾਂ ਤੇ ਕਾਫੀ ਭੀੜ ਰਹਿੰਦੀ ਹੈ। ਇਹਨਾਂ ਦੁਕਾਨਾਂ ਦੇ ਦੁਕਾਨਦਾਰਾਂ ਵਲੋਂ ਗਾਹਕਾਂ ਲਈ ਪਾਰਕਿੰਗ ਦੀ ਥਾਂ ਵਿੱਚ ਮੇਜ ਕੁਰਸੀਆਂ ਵੀ ਰਖੇ ਹੁੰਦੇ ਹਨ। ਜਿਸ ਕਾਰਨ ਮਾਰਕੀਟਾਂ ਦੇ ਪਿਛਲੇ ਪਾਸੇ ਵਾਹਨ ਖੜਾਉਣ ਲਈ ਥਾਂ ਦੀ ਘਾਟ ਹੋ ਜਾਂਦੀ ਹੈ। ਜੇ ਕੋਈ ਵਾਹਨ ਚਾਲਕ ਇਹਨਾਂ ਦੁਕਾਨਦਾਰਾਂ ਨੂੰ ਆਪਣਾ ਸਮਾਨ ਚੁਕਣ ਲਈ ਕਹਿੰਦਾ ਹੈ ਤਾਂ ਇਹ ਦੁਕਾਨਦਾਰ ਉਸ ਨਾਲ ਲੜਾਈ ਝਗੜਾ ਕਰਦੇ ਹਨ।

ਆਮ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ, ਕਿ ਉਹ ਇਹਨਾਂ ਨਾਜਾਇਜ ਕਬਜਿਆਂ ਨੂੰ ਹਟਾਉਣ ਲਈ ਨਗਰ ਨਿਗਮ ਕੋਲ ਪਹੁੰਚ ਕਰਨ ਜਾਂ ਗਮਾਡਾ ਕੋਲ, ਜਿਸ ਕਾਰਨ ਇਹਨਾਂ ਨਾਜਾਇਜ਼ ਕਬਜਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।