ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਅਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਧਾਰਮਿਕ ਸਮਾਗਮ ਵਿੱਚ ਭਾਈ ਗੁਰਪ੍ਰੀਤ ਸਿੰਘ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜੀਵਨ ਬ੍ਰਿਤਾਂਤ ਅਤੇ ਉਨ੍ਹਾਂ ਦੁਆਰਾ ਦੇਸ਼, ਕੌਮ ਅਤੇ ਧਰਮ ਖਾਤਰ ਅੰਗਰੇਜਾਂ ਨਾਲ ਕੀਤੀ ਜੰਗ ਵਿੱਚ ਇਸ ਅਸਥਾਨ ਤੇ ਹਜ਼ਾਰਾਂ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰਨ ਦਾ ਪੂਰਾ ਪ੍ਰਸੰਗ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ। ਭਾਈ ਜੁਝਾਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਾਲਿਆਂ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਤੋਂ ਇਲਾਵਾ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਾਲੇ, ਮੀਰੀ ਪੀਰੀ ਖਾਲਸਾ ਜੱਥਾ ਜਗਾਧਰੀ ਵਾਲੇ, ਭਾਈ ਮਹਿਲ ਸਿੰਘ ਦਾ ਇੰਟਰਨੈਸ਼ਨਲ ਕਵੀਸ਼ਰੀ ਜੱਥਾ, ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਅਨੰਦਪੁਰ ਸਾਹਿਬ ਵਾਲੇ, ਸ਼੍ਰੋਮਣੀ ਪ੍ਰਚਾਰਕ ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ, ਭਾਈ ਕੁਲਦੀਪ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ, ਭਾਈ ਅਮਰਜੀਤ ਸਿੰਘ ਖਾਲਸਾ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਕਈ ਤਰ੍ਹਾਂ ਦੀਆਂ ਮਿਠਾਈਆਂ, ਪਕਵਾਨਾਂ ਅਤੇ ਗੁਰੂ ਕਾ ਲੰਗਰ ਸੰਗਤਾਂ ਨੂੰ ਸਾਰਾ ਦਿਨ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿੱਚ ਸਮੂਹ ਮਾਨਵਤਾ ਦੇ ਭਲੇ ਲਈ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਪੀ ਜੀ ਆਈ, ਜਨਰਲ ਹਸਪਤਾਲ ਸੈਕਟਰ 16, ਸਰਕਾਰੀ ਹਸਪਤਾਲ ਸੈਕਟਰ 32, ਰੋਟਰੀ ਬਲੱਡ ਬੈਂਕ ਸੈਕਟਰ 37, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ, ਸਿਵਲ ਹਸਪਤਾਲ ਮੁਹਾਲੀ, ਸਿਵਲ ਹਸਪਤਾਲ ਖਰੜ, ਮੈਕਸ ਹਸਪਤਾਲ ਮੁਹਾਲੀ ਅਤੇ ਆਈ ਵੀ ਵਾਈ ਹਸਪਤਾਲ ਦੇ ਬਲੱਡ ਬੈਂਕ ਦੀਆਂ ਟੀਮਾਂ ਨੇ ਲੋੜਵੰਦਾਂ ਵਾਸਤੇ ਖੂਨ ਇਕੱਤਰ ਕੀਤਾ। ਖਬਰ ਲਿਖੇ ਜਾਣ ਤਕ 938 ਯੂਨਿਟ ਖੂਨ ਇਕੱਤਰ ਕੀਤਾ ਜਾ ਚੁੱਕਿਆ ਸੀ ਅਤੇ ਇਸਦੇ 1200 ਤਕ ਪਹੁੰਚਣ ਦੀ ਸੰਭਾਵਨਾ ਸੀ। ਇਸ ਦੌਰਾਨ ਸਾਰੇ ਖੂਨਦਾਨੀਆਂ ਨੂੰ ਹਰ ਵਾਰ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਦੇਸੀ ਘਿਓ ਦੀ ਪੰਜੀਰੀ, ਸਨਮਾਨ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।

ਪ੍ਰਬੰਧਕ ਕਮੇਟੀ ਦੇ ਮੁਖੀ ਸz. ਹਰਜਿੰਦਰ ਸਿੰਘ ਅਤੇ ਸz. ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਖੂਨਦਾਨ ਮਹਾਂ ਦਾਨ ਹੈ । ਉਹਨਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਅਨਮੋਲ ਜਿੰਦਗੀਆਂ ਨੂੰ ਲੋੜ ਪੈਣ ਤੇ ਖੂਨ ਦੇ ਕੇ ਬਚਾਇਆ ਜਾ ਸਕੇ।

ਖੂਨਦਾਨ ਕੈਂਪ ਵਿੱਚ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਅਤੇ ਕਈ ਸੰਤ, ਮਹਾਂ ਪੁਰਸ਼ਾਂ ਨੇ ਖੂਨਦਾਨੀਆਂ ਨੂੰ ਆਪ ਆ ਕੇ ਆਸ਼ੀਰਵਾਦ ਦਿੱਤਾ। ਇਸ ਮੌਕੇ ਭਾਈ ਜਗਮੋਹਣ ਸਿੰਘ ਕਾਹਲੋਂ, ਭਾਈ ਸੁਰਜੀਤ ਸਿੰਘ, ਸz. ਪਰਵਿੰਦਰ ਸਿੰਘ ਸੋਹਾਣਾ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਖੂਨਦਾਨੀਆਂ, ਡਾਕਟਰਾਂ ਅਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।