ਤਰਨਤਾਰਨ ਵਿੱਚ ਸਕੂਲ ਬੱਸ ਤੇ ਟਰੱਕ ਦੀ ਟੱਕਰ ਦੌਰਾਨ ਇਕ ਬੱਚੀ ਸਮੇਤ ਬੱਸ ਚਾਲਕ ਦੀ ਮੌਤ

ਤਰਨਤਾਰਨ, 3 ਦਸੰਬਰ (ਸ.ਬ.) ਤਰਨਤਾਰਨ-ਸ੍ਰੀ ਗੋਇੰਦਵਾਲ ਸਾਹਿਬ ਮਾਰਗ ਤੇ ਅੱਜ ਸਵੇਰੇ ਵਿਦਿਅਰਥੀਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਅਤ ਇੱਕ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਦੌਰਾਨ 8 ਸਾਲਾ ਵਿਦਿਆਰਥਣ ਸਮੇਤ ਸਕੂਲ ਬੱਸ ਦੇ ਚਾਲਕ ਦੀ ਮੌਤ ਹੋ ਗਈ। ਜਦੋਂਕਿ ਅੱਧਾ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ ਸੱਟਾਂ ਲੱਗ ਗਈਆਂ। ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨਿੱਜੀ ਸਕੂਲ ਦੀ ਬੱਸ ਅੱਜ ਸਵੇਰੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ। ਤਰਨਤਾਰਨ-ਸ੍ਰੀ ਗੋਇੰਦਵਾਲ ਸਾਹਿਬ ਮਾਰਗ ਤੇ ਪੈਂਦੇ ਪਿੰਡ ਵੇਂਈਪੂੰਈ ਕੋਲ ਇਸ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਟਰੱਕ ਅਤੇ ਬੱਸ ਦੋਵੇਂ ਪਲਟ ਗਏ।

ਮੌਕੇ ਤੇ ਪਹੁੰਚੇ ਚੌਂਕੀ ਫਤਿਆਬਾਦ ਦੇ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਰਣਧੀਰ ਸਿੰਘ ਵਾਸੀ ਰੈਸ਼ੀਆਣਾ ਅਤੇ ਵਿਦਿਆਰਥਣ ਸੀਰਤਪਾਲ ਕੌਰ (8) ਦੀ ਮੌਤ ਹੋ ਗਈ ਹੈ। ਜਦੋਂਕਿ ਬਾਕੀ ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਹਸਪਤਾਲ ਭਿਜਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ਬਣੇ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਅਨੁਸਾਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।