ਐਜੂਕੇਸ਼ਨ ਕੰਸਲਟੈਂਟ ਫਰਮ ਵਰਡ ਐਵੀਨਿਊ ਦਾ ਲਾਇਸੰਸ ਰੱਦ

ਐਸ ਏ ਐਸ ਨਗਰ, 1 ਫਰਵਰੀ (ਸ.ਬ.) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਮਨਿੰਦਰ ਕੌਰ ਬਰਾੜ ਪੀ.ਸੀ.ਐਸ ਵੱਲੋ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਰਡ ਐਵੀਨਿਊ ਐਜੂਕੇਸ਼ਨ ਕੰਸਲਟੈਂਟ ਐਸ.ਸੀ.ਐਫ ਨੰਬਰ 1 ਟਾਪ ਫਲੋਰ ਫੇਜ਼ 5 ਮੁਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਵਰਡ ਐਵੀਨਿਊ ਐਜੂਕੇਸ਼ਨ ਕੰਸਲਟੈਂਟ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 14 ਫਰਵਰੀ 2023 ਤੱਕ ਹੈ। ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ।

ਇਸ ਸਬੰਧੀ ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋ ਉਕਤ ਰਿਪੋਰਟ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ-2012 ਅਧੀਨ ਨੋਟਿਸ ਜਾਰੀ ਕੀਤਾ ਗਿਆ। ਤਹਿਸੀਲਦਾਰ ਮੁਹਾਲੀ ਵੱਲੋਂ ਫਰਮ ਦੇ ਦਫ਼ਤਰੀ ਪਤੇ ਉੱਤੇ ਭੇਜੇ ਨੋਟਿਸ ਦੀ ਰਿਪੋਰਟ ਭੇਜ ਕੇ ਸੂਚਿਤ ਕੀਤਾ ਗਿਆ ਕਿ ਵਰਡ ਐਵੀਨਿਊ ਐਜੂਕੇਸ਼ਨ ਕੰਸਲਟੈਂਟ ਦਾ ਦਫਤਰ ਇਸ ਪਤੇ ਤੋਂ ਇਕ ਸਾਲ ਤੋਂ ਬੰਦ ਹੈ। ਉਨ੍ਹਾਂ ਦੱਸਿਆ ਕਿ ਉਕਤ ਫਰਮ ਵਰਡ ਐਵੀਨਿਊ ਐਜੂਕੇਸ਼ਨ ਕੰਸਲਟੈਂਟ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।